ਬੱਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ

ਬੱਜਟ 2025, ਧਿਆਨ ਨਾਲ ਆਰਥਿਕ ਪ੍ਰਬੰਧ ਕਰਦੇ ਹੋਏ, ਬੀ.ਸੀ. ਦੀ ਆਰਥਿਕਤਾ ਵਿੱਚ ਵਾਧੇ ਨੂੰ ਸਹਿਯੋਗ ਦਿੰਦਾ ਹੈ, ਤਾਂ ਜੋ ਉਨ੍ਹਾਂ ਸੇਵਾਵਾਂ ਅਤੇ ਪ੍ਰੋਗਰਾਮਾਂ ਲਈ ਲੋੜੀਂਦਾ ਧੰਨ ਇਕੱਠਾ ਕੀਤਾ ਜਾ ਸਕੇ ਜਿਨ੍ਹਾਂ ‘ਤੇ ਲੋਕ ਨਿਰਭਰ ਹਨ।

ਅਮਰੀਕੀ ਟੈਰਿਫ਼ਾਂ ਦੇ ਪ੍ਰਭਾਵ ਤੋਂ ਬੀ.ਸੀ. ਦੀ ਸੁਰੱਖਿਆ ਕਰਨਾ

ਬੱਜਟ 2025 ਉਸ ਅਨਿਸ਼ਚਿਤ ਆਰਥਿਕ ਸਮੇਂ ਦੌਰਾਨ ਤਿਆਰ ਕੀਤਾ ਗਿਆ ਜਦ ਬ੍ਰਿਟਿਸ਼ ਕੋਲੰਬੀਆ ਨੂੰ ਅਮਰੀਕਾ ਤੋਂ ਟੈਰਿਫ਼ ਸੰਬੰਧਤ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਅਨਿਸ਼ਚਿਤਤਾ ਕਾਰਨ ਸੂਬੇ ਲਈ ਟੈਰਿਫ਼ ਦੇ ਸਹੀ ਪ੍ਰਭਾਵਾਂ ਦਾ ਅਨੁਮਾਨ ਲਗਾਉਣਾ, ਅਤੇ ਨਾਲ ਹੀ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਲੋਕਾਂ ਅਤੇ ਕਾਰੋਬਾਰਾਂ ਦੀ ਮਦਦ ਲਈ ਕਿਹੜੇ ਉਪਾਵਾਂ ਦੀ ਲੋੜ ਹੋ ਸਕਦੀ ਹੈ। ਸੂਬਾ ਕਿਸੇ ਵੀ ਪਰਿਸਥਿਤੀ ਨਾਲ ਨਜਿੱਠਣ ਲਈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਇਨ੍ਹਾਂ ਖਤਰਿਆਂ ਤੋਂ ਬਚਾਉਣ, ਅਤੇ ਉਨ੍ਹਾਂ ਨੌਕਰੀਆਂ ਅਤੇ ਸੇਵਾਵਾਂ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੈ, ਜਿਨ੍ਹਾਂ 'ਤੇ ਲੋਕ ਨਿਰਭਰ ਹਨ।

ਬੀ.ਸੀ. ਨੇ ਹੋਰ ਥਾਂਵਾਂ ਨਾਲ ਆਪਣੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕੀਤਾ ਹੈ, ਜਿਸ ਕਾਰਨ ਅਮਰੀਕਾ 'ਤੇ ਨਿਰਭਰਤਾ ਘਟੀ ਹੈ। ਬੀ.ਸੀ. ਨੇ 2024 ਵਿੱਚ ਆਪਣਾ 52.8٪ ਮਾਲ ਅਮਰੀਕਾ ਨੂੰ ਨਿਰਯਾਤ ਕੀਤਾ, ਜੋ ਕਿ 2000 ਵਿੱਚ 65.8٪ ਨਾਲੋਂ ਘੱਟ ਸੀ। ਇਸ ਦੇ ਨਾਲ ਹੀ, ਬੀ.ਸੀ. ਨੇ ਚੀਨ ਅਤੇ ਸਾਊਥ ਕੋਰੀਆ ਸਮੇਤ ਪ੍ਰਮੁੱਖ ਏਸ਼ੀਆਈ ਮਾਰਕਿਟਾਂ ਨਾਲ ਆਪਣੇ ਵਪਾਰਕ ਸੰਬੰਧਾਂ ਦਾ ਵਿਸਤਾਰ ਕੀਤਾ ਹੈ।

ਇਸ ਦੀ ਤੁਲਨਾ ਵਿੱਚ, 2024 ਵਿੱਚ ਐਲਬਰਟਾ ਦੇ ਮਾਲ ਦੇ ਨਿਰਯਾਤ ਦਾ ਲਗਭਗ 88٪ ਹਿੱਸਾ ਅਤੇ ਓਨਟਾਰੀਓ ਅਤੇ ਕਿਊਬੈਕ ਦੇ ਮਾਲ ਦੇ ਨਿਰਯਾਤ ਦਾ ਔਸਤਨ 76.1٪ ਹਿੱਸਾ ਅਮਰੀਕਾ ਨੂੰ ਗਿਆ ਸੀ। ਜਦੋਂ ਅਮਰੀਕੀ ਟੈਰਿਫ਼ ਦੇ ਪ੍ਰਭਾਵਾਂ ਨੂੰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਬੀ.ਸੀ. ਦੂਜੇ ਸੂਬਿਆਂ ਦੇ ਮੁਕਾਬਲੇ ਬਿਹਤਰ ਸਥਿਤੀ ਵਿੱਚ ਹੈ। ਹਾਲਾਂਕਿ, ਪ੍ਰਭਾਵ ਅਜੇ ਵੀ ਗੰਭੀਰ ਹੋਵੇਗਾ।

ਕੁਝ ਖੇਤਰ, ਨਿਰਯਾਤ ਲਈ ਅਮਰੀਕਾ 'ਤੇ ਵਧੇਰੇ ਨਿਰਭਰ ਹਨ। ਉਦਾਹਰਣ ਵਜੋਂ, 2024 ਵਿੱਚ, ਬੀ.ਸੀ. ਨੇ ਆਪਣੀ ਸਾਰੀ ਨੈਚੁਰਲ ਗੈਸ ਅਤੇ ਬਿਜਲੀ ਅਤੇ ਆਪਣੀ ਸੌਫਟਵੁੱਡ ਲੰਬਰ ਦਾ 74.8٪ ਹਿੱਸਾ ਅਮਰੀਕਾ ਨੂੰ ਨਿਰਯਾਤ ਕੀਤਾ।

ਅਮਰੀਕੀ ਆਯਾਤ, ਬੀ.ਸੀ. ਵਿੱਚ ਆਉਣ ਵਾਲੇ ਮਾਲ ਦਾ 34.5٪ ਹਿੱਸਾ ਹੈ, ਜਿਸ ਵਿੱਚ ਮਸ਼ੀਨਰੀ ਅਤੇ ਉਪਕਰਣ, ਖੇਤੀਬਾੜੀ ਅਤੇ ਆਹਾਰ, ਅਤੇ ਊਰਜਾ ਉਤਪਾਦ ਸ਼ਾਮਲ ਹਨ।

ਸਭ ਤੋਂ ਵਧੀਆ ਤਰੀਕੇ ਨਾਲ ਤਿਆਰ ਰਹਿਣ ਲਈ, ਵਿੱਤ ਮੰਤਰਾਲੇ ਨੇ ਲਗਾਤਾਰ ਬਦਲ ਰਹੀ ਜਾਣਕਾਰੀ ਦੇ ਅਧਾਰ ‘ਤੇ ਸੰਭਾਵਿਤ ਪ੍ਰਭਾਵਾਂ ਦੀ ਇੱਕ ਲੜੀ ਪੇਸ਼ ਕੀਤੀ ਹੈ।

16 ਜਨਵਰੀ, 2025 ਨੂੰ ਜਾਰੀ ਕੀਤੇ ਗਏ ਮੁਲਾਂਕਣ ਵਿੱਚ ਮੰਨਿਆ ਗਿਆ ਸੀ ਕਿ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲਾ ਸਾਰੇ ਮਾਲ 'ਤੇ 25٪ ਟੈਰਿਫ਼ ਲਾਗੂ ਕਰੇਗਾ, ਅਤੇ ਕੈਨੇਡਾ ਨੇ ਸਾਰੇ ਅਮਰੀਕੀ ਮਾਲ 'ਤੇ 25٪ ਟੈਰਿਫ਼ ਨਾਲ ਪੂਰੀ ਜਵਾਬੀ ਕਾਰਵਾਈ ਕੀਤੀ।

ਮੰਤਰਾਲੇ ਨੇ ਬੱਜਟ 2025 ਦੇ ਆਰਥਿਕ ਅਤੇ ਵਿੱਤੀ ਅਨੁਮਾਨ ਅਤੇ 4 ਫ਼ਰਵਰੀ, 2025 ਤੱਕ ਦੀ ਟੈਰਿਫ਼ ਸੰਬੰਧਤ ਤਾਜ਼ਾ ਜਾਣਕਾਰੀ ਦੇ ਅਧਾਰ 'ਤੇ ਆਪਣੇ ਮੁਲਾਂਕਣ ਨੂੰ ਅੱਪਡੇਟ ਕੀਤਾ ਹੈ। ਇਸ ਨਵੀਂ ਯੋਜਨਾ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਕਨੇਡੀਅਨ ਊਰਜਾ ਉਤਪਾਦਾਂ 'ਤੇ 10٪ ਟੈਰਿਫ਼ ਅਤੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਮਾਲ 'ਤੇ 25٪ ਟੈਰਿਫ਼ ਲਗਾਏ ਜਾਣਗੇ। ਇਸ ਤੋਂ ਇਲਾਵਾ, ਕੈਨੇਡਾ ਨੇ ਅੰਸ਼ਕ ਜਵਾਬੀ ਕਾਰਵਾਈ ਕਰਦਿਆਂ, ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਅੱਧੇ ਤੋਂ ਘੱਟ ਮਾਲ 'ਤੇ 25٪ ਟੈਰਿਫ਼ ਲਾਗੂ ਕੀਤੇ ਹਨ।

ਇਹ ਯੋਜਨਾ ਇਹ ਵੀ ਮੰਨਦੀ ਹੈ ਕਿ ਫੈਡਰਲ ਸਰਕਾਰ, ਆਪਣੇ ਵੱਲੋਂ ਸੰਕੇਤ ਅਨੁਸਾਰ ਪਰਿਵਾਰਾਂ ਅਤੇ ਕਾਰੋਬਾਰਾਂ ਨੂੰ ਲੋੜ ਮੁਤਾਬਕ ਸਹਾਇਤਾ ਪ੍ਰਦਾਨ ਕਰੇਗੀ, ਅਤੇ ਇਹ ਵੀ ਕਿ ਬੈਂਕ ਔਫ ਕੈਨੇਡਾ ਵਿਆਜ ਦਰਾਂ ਨੂੰ ਘਟਾਏਗਾ।

ਇਹ ਹਾਲਾਤ-ਅਧਾਰਤ ਯੋਜਨਾ, ਬੀ.ਸੀ. ਦੀ ਆਰਥਿਕਤਾ ਅਤੇ ਵਿੱਤੀ ਸਥਿਤੀ 'ਤੇ ਅਮਰੀਕੀ ਟੈਰਿਫ਼ ਦੇ ਹੇਠ ਲਿਖੇ ਸੰਭਾਵਿਤ ਪ੍ਰਭਾਵਾਂ ਨੂੰ ਦਰਸਾਉਂਦੀ ਹੈ:

  • 2029 ਤੱਕ ਅਸਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਕੁੱਲ $43 ਬਿਲੀਅਨ ਦਾ ਘਾਟਾ;
  • 2029 ਤੱਕ 45,000 ਘੱਟ ਨੌਕਰੀਆਂ;
  • ਬੇਰੁਜ਼ਗਾਰੀ ਦੀ ਦਰ 2025 ਵਿੱਚ ਵਧ ਕੇ 6.4٪ ਅਤੇ 2026 ਵਿੱਚ 6.7٪;
  • ਕੌਰਪੋਰੇਟ ਮੁਨਾਫੇ ਵਿੱਚ ਸਲਾਨਾ $3.2 ਬਿਲੀਅਨ ਤੋਂ $5 ਬਿਲੀਅਨ ਦੀ ਗਿਰਾਵਟ;
  • ਮਾਲੀਏ ਵਿੱਚ ਸਲਾਨਾ $1.4 ਬਿਲੀਅਨ ਤੱਕ ਦਾ ਘਾਟਾ

ਬੱਜਟ 2025 ਦੀ ਯੋਜਨਾ ਦੇ ਨਤੀਜੇ 16 ਜਨਵਰੀ ਦੇ ਮੁਲਾਂਕਣ ਨਾਲੋਂ ਘੱਟ ਗੰਭੀਰ ਹਨ, ਅਤੇ ਇਸ ਦਾ ਇੱਕ ਕਾਰਨ ਇਹ ਹੈ ਕਿ ਟੈਰਿਫ਼ ਅੰਦਾਜ਼ੇ ਨਾਲੋਂ ਘੱਟ ਹਨ ਅਤੇ ਦੂਜਾ ਇਹ ਕਿ ਇਹ ਬੱਜਟ, 2024 ਦੀ ਪਤਝੜ ਦੇ ਵਿੱਤੀ ਅੱਪਡੇਟ ਤੋਂ ਬਾਅਦ ਕੀਤੀਆਂ ਗਈਆਂ ਆਰਥਿਕ ਤਬਦੀਲੀਆਂ ਨੂੰ ਸ਼ਾਮਲ ਕਰਦਾ ਹੈ। ਹਾਲਾਂਕਿ, ਜੇਕਰ ਟੈਰਿਫ਼ ਲਾਗੂ ਹੁੰਦੇ ਹਨ ਤਾਂ ਇਨ੍ਹਾਂ ਤਬਦੀਲੀਆਂ ਨੂੰ ਮਿਲਾ ਕੇ ਸੂਬਾਈ ਮਾਲੀਏ ਨੂੰ ਸਲਾਨਾ $1.7 ਬਿਲੀਅਨ ਤੋਂ $3.4 ਬਿਲੀਅਨ ਤੱਕ ਦਾ ਨੁਕਸਾਨ ਹੋ ਸਕਦਾ ਹੈ। ਇਹ ਸਿਹਤ, ਸਿੱਖਿਆ ਅਤੇ ਸਮਾਜ ਸੇਵਾ ਮੰਤਰਾਲਿਆਂ ਨੂੰ ਛੱਡ ਕੇ, ਬੀ.ਸੀ. ਦੇ ਜ਼ਿਆਦਾਤਰ ਮੰਤਰਾਲਿਆਂ ਦੇ ਬੱਜਟ ਤੋਂ ਵੱਧ ਹੈ।

ਟੈਰਿਫ਼ ਦੇ ਪ੍ਰਭਾਵ ਇਸ ਗੱਲ 'ਤੇ ਨਿਰਭਰ ਕਰਦੇ ਹੋਏ ਵਧੇਰੇ ਗੰਭੀਰ ਹੋ ਸਕਦੇ ਹਨ ਕਿ ਕਿਹੜੀਆਂ ਨੀਤੀਆਂ ਲਾਗੂ ਕੀਤੀਆਂ ਜਾਂਦੀਆਂ ਹਨ, ਜੇ ਫੈਡਰਲ ਸਹਾਇਤਾ ਅਨੁਮਾਨ ਨਾਲੋਂ ਘੱਟ ਹੈ, ਜੇ ਕੈਨੇਡਾ ਦੀ ਜਵਾਬੀ ਕਾਰਵਾਈ ਵਧਦੀ ਹੈ ਅਤੇ ਜੇ ਅਮਰੀਕਾ ਵੱਲੋਂ ਹੋਰ ਟੈਰਿਫ਼ ਲਗਾਏ ਜਾਂਦੇ ਹਨ, ਤਾਂ ਇਸ ਦੇ ਨਤੀਜੇ ਵਜੋਂ ਟੈਰਿਫ਼ ਹੋਰ ਵੀ ਵੱਧ ਸਕਦੇ ਹਨ।

ਬੀ.ਸੀ. ਅਮਰੀਕੀ ਟੈਰਿਫ਼ਾਂ ਦੇ ਜਵਾਬ ਵਿੱਚ ਕਿਸੇ ਵੀ ਪਰਿਸਥਿਤੀ ਵਿੱਚ, ਤਿੰਨ-ਭਾਗੀ ਕਾਰਵਾਈ ਲਈ ਤਿਆਰ ਹੈ:

  1. ਬੀ.ਸੀ. ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ, ਜਿਸ ਵਿੱਚ ਪ੍ਰੋਜੈਕਟਾਂ ਨੂੰ ਤੇਜ਼ ਕਰਨਾ ਅਤੇ ਉਦਯੋਗ ਅਤੇ ਕਾਮਿਆਂ ਦੀ ਸਹਾਇਤਾ ਕਰਨਾ ਸ਼ਾਮਲ ਹੈ;
  2. ਉਤਪਾਦਾਂ ਲਈ ਨਵੀਆਂ ਟ੍ਰੇਡ ਮਾਰਕਿਟਾਂ ਵਿੱਚ ਵਿਸਤਾਰ ਕਰਨਾ, ਤਾਂ ਜੋ ਬੀ.ਸੀ. ਅਮਰੀਕੀ ਮਾਰਕਿਟਾਂ ਅਤੇ ਗਾਹਕਾਂ 'ਤੇ ਘੱਟ ਨਿਰਭਰ ਹੋਵੇ; ਅਤੇ
  3. ਅਮਰੀਕੀ ਟੈਰਿਫ਼ ਨਾਲ ਨਜਿੱਠਣ ਲਈ ਸਖਤ ਜਵਾਬੀ ਕਾਰਵਾਈਆਂ ਅਤੇ ਅਮਰੀਕੀ ਫੈਸਲੇ ਲੈਣ ਵਾਲਿਆਂ ਤੱਕ ਪਹੁੰਚ ਕਰਨਾ।

ਇਸ ਜਵਾਬੀ ਕਾਰਵਾਈ ਦੇ ਹਿੱਸੇ ਵਜੋਂ, ਸੂਬਾ ਉਨ੍ਹਾਂ ਪ੍ਰਮੁੱਖ ਕੁਦਰਤੀ-ਸਰੋਤ ਪ੍ਰੋਜੈਕਟਾਂ ਦੀ ਸਮੀਖਿਆ ਅਤੇ ਪਰਮਿਟ ਪ੍ਰਕਿਰਿਆ ਨੂੰ ਸੁਚਾਰੂ ਬਣਾ ਰਿਹਾ ਹੈ, ਜੋ ਅੱਗੇ ਵਧਣ ਲਈ ਤਿਆਰ ਹਨ। ਇਨ੍ਹਾਂ ਪ੍ਰੋਜੈਕਟਾਂ ਦੇ $20 ਬਿਲੀਅਨ ਦੇ ਹੋਣ ਦਾ ਅਨੁਮਾਨ ਹੈ ਅਤੇ ਇਹ ਲਗਭਗ 8,000 ਨੌਕਰੀਆਂ ਵਿੱਚ ਮਦਦ ਕਰਨਗੇ।

ਸੂਬਾ ਬੀ.ਸੀ. ਦੀ ਆਰਥਿਕਤਾ ਨੂੰ ਮਜ਼ਬੂਤ ਕਰਨ, ਸਾਡੀਆਂ ਮਾਰਕਿਟਾਂ ਵਿੱਚ ਵਿਭਿੰਨਤਾ ਲਿਆਉਣ ਅਤੇ ‘ਟੀਮ ਕੈਨੇਡਾ’ ਦੇ ਹਿੱਸੇ ਵਜੋਂ ਜਵਾਬ ਦੇਣ ਲਈ ਹਿਮਾਇਤੀਆਂ ਦਾ ਇੱਕ ਵਿਆਪਕ ਗੱਠਜੋੜ ਇਕੱਠਾ ਕਰ ਰਿਹਾ ਹੈ, ਜਿਸ ਵਿੱਚ ਇੱਕ ਟ੍ਰੇਡ ਅਤੇ ਆਰਥਿਕ ਸੁਰੱਖਿਆ ਟਾਸਕ ਫੋਰਸ ਸ਼ਾਮਲ ਹੈ ਜੋ ਬਿਜ਼ਨਸ, ਲੇਬਰ ਅਤੇ ਇੰਡੀਜਨਸ (ਮੂਲ ਨਿਵਾਸੀ) ਮੋਢੀਆਂ ਨੂੰ ਇਕੱਠੇ ਕਰਦੀ ਹੈ।

ਟੈਰਿਫ਼ ਸੰਬੰਧਤ ਅਨਿਸ਼ਚਿਤਤਾ ਦੇ ਮੱਦੇਨਜ਼ਰ, ਖੇਤੀਬਾੜੀ ਅਤੇ ਆਹਾਰ ਆਰਥਿਕਤਾ 'ਤੇ ਇੱਕ ਨਵੀਂ ਪ੍ਰੀਮੀਅਰ ਟਾਸਕ ਫੋਰਸ, ਕਿਸਾਨਾਂ ਨੂੰ ਨਵੀਆਂ ਮਾਰਕਿਟਾਂ ਲੱਭਣ ਵਿੱਚ ਮਦਦ ਕਰਨ ਲਈ ਥੋੜ੍ਹੇ ਅਤੇ ਲੰਬੇ ਸਮੇਂ ਦੇ ਹੱਲਾਂ 'ਤੇ ਕੰਮ ਕਰ ਰਹੀ ਹੈ, ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਕਿਫ਼ਾਇਤੀ ਅਤੇ ਪੌਸ਼ਟਿਕ ਭੋਜਨ ਤੱਕ ਭਰੋਸੇਯੋਗ ਪਹੁੰਚ ਪ੍ਰਦਾਨ ਕਰਨ ਵਿੱਚ ਸਹਾਇਤਾ ਕਰ ਰਹੀ ਹੈ।

ਬੀ.ਸੀ. ਦੇ ਕਾਮਿਆਂ, ਕਾਰੋਬਾਰਾਂ, ਆਰਥਿਕਤਾ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਸੇਵਾਵਾਂ ਦੀ ਰੱਖਿਆ ਕਰਨ, ਜਿਨ੍ਹਾਂ 'ਤੇ ਲੋਕ ਨਿਰਭਰ ਹਨ, ਲਈ ਬੀ.ਸੀ. ਸਮੁੱਚੀ ਸਰਕਾਰ ਵਿਚਕਾਰ ਇੱਕ ਤਾਲਮੇਲ ਵਾਲੀ ਪਹੁੰਚ ਅਪਣਾ ਰਿਹਾ ਹੈ।

ਸੰਭਾਵਿਤ ਟੈਰਿਫ਼ ਪ੍ਰਤੀਕਿਰਿਆ ਬਾਰੇ ਜਾਣੋ

ਉਹ ਸਿਹਤ ਸੰਭਾਲ ਅਤੇ ਸੇਵਾਵਾਂ ਨੂੰ ਮਜ਼ਬੂਤ ਕਰਨਾ ਜਿਨ੍ਹਾਂ 'ਤੇ ਲੋਕ ਨਿਰਭਰ ਹਨ

ਆਰਥਿਕਤਾ ਵਿੱਚ ਅਨਿਸ਼ਚਿਤਤਾ ਦੇ ਸਮੇਂ ਦੌਰਾਨ, ਉਨ੍ਹਾਂ ਸੇਵਾਵਾਂ ਨੂੰ ਸੁਰੱਖਿਅਤ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ 'ਤੇ ਲੋਕ ਨਿਰਭਰ ਹਨ। ਬੱਜਟ 2025 ਵਿੱਚ ਸਿਹਤ, ਸਿੱਖਿਆ ਅਤੇ ਸਮਾਜਿਕ ਸੇਵਾਵਾਂ ਦੀ ਸਹਾਇਤਾ ਲਈ ਤਿੰਨ ਸਾਲਾਂ ਦੌਰਾਨ $7.7 ਬਿਲੀਅਨ ਦਾ ਨਿਵੇਸ਼ ਕੀਤਾ ਗਿਆ ਹੈ।

ਸਿਹਤ ਸੰਭਾਲ

ਬੱਜਟ 2025 ਹੈਲਥ-ਕੇਅਰ (ਸਿਹਤ ਸੰਭਾਲ) ਸਿਸਟਮ ਦੀ ਸਮਰੱਥਾ ਵਧਾਉਣ, ਮਰੀਜ਼ਾਂ ਦੇ ਨਤੀਜਿਆਂ ਵਿੱਚ ਸੁਧਾਰ ਕਰਨ ਅਤੇ ਸੇਵਾਵਾਂ ਦੀ ਵੱਧ ਰਹੀ ਮੰਗ ਵਿੱਚ ਮਦਦ ਲਈ ਤਿੰਨ ਸਾਲਾਂ ਵਿੱਚ $4.2 ਬਿਲੀਅਨ ਪ੍ਰਦਾਨ ਕਰ ਰਿਹਾ ਹੈ। ਇਸ ਵਿੱਚ ਪ੍ਰਾਈਮਰੀ ਕੇਅਰ ਕਾਰਜਨੀਤੀ ਵਿੱਚ ਸਹਾਇਤਾ ਲਈ $443 ਮਿਲੀਅਨ ਅਤੇ ਨਵੀਆਂ ਫੈਸੀਲਿਟੀਆਂ ਨੂੰ ਖੋਲ੍ਹਣ ਅਤੇ ਚਲਾਉਣ ਲਈ $870 ਮਿਲੀਅਨ ਤੋਂ ਵੱਧ ਸ਼ਾਮਲ ਹਨ, ਜਿਸ ਵਿੱਚ ਵੈਨਕੂਵਰ ਵਿੱਚ ਨਵਾਂ ਸੇਂਟ ਪੌਲਜ਼ ਹਸਪਤਾਲ, ਨਿਊ ਵੈਸਟਮਿੰਸਟਰ ਵਿੱਚ ਰੌਇਲ ਕੋਲੰਬੀਅਨ ਹਸਪਤਾਲ ਦਾ ਮੁੜ ਵਿਕਾਸ, ਟੈਰਸ ਵਿੱਚ ਮਿੱਲਜ਼ ਮੈਮੋਰੀਅਲ ਹਸਪਤਾਲ ਬਦਲਣਾ ਅਤੇ ਕੈਮਲੂਪਸ ਵਿੱਚ ਰੌਇਲ ਇਨਲੈਂਡ ਹਸਪਤਾਲ ਵਿੱਚ ਵਾਧਾ ਸ਼ਾਮਲ ਹੈ।

ਜਿਵੇਂ-ਜਿਵੇਂ ਬੀ.ਸੀ. ਦੀ ਅਬਾਦੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੀ ਉਮਰ ਵਧ ਰਹੀ ਹੈ, ਸਿਹਤ ਸੰਭਾਲ ਦੀ ਵਧਦੀ ਜ਼ਰੂਰਤ ਵਿੱਚ ਮਦਦ ਲਈ ਵਧੇਰੇ ਫੈਸੀਲਿਟੀਆਂ ਦੀ ਲੋੜ ਹੈ। ਬੱਜਟ 2025 ਸੂਬੇ ਭਰ ਵਿੱਚ ਨਵੀਂਆਂ ਅਤੇ ਸੁਧਾਰ ਕੀਤੀਆਂ ਐਕਿਊਟ ਕੇਅਰ, ਲੌਂਗ-ਟਰਮ ਕੇਅਰ ਅਤੇ ਕੈਂਸਰ ਕੇਅਰ ਫੈਸੀਲਿਟੀਆਂ ਲਈ ਤਿੰਨ ਸਾਲਾਂ ਵਿੱਚ ਪੂੰਜੀ ਨਿਵੇਸ਼ ਵਿੱਚ $15.5 ਬਿਲੀਅਨ ਪ੍ਰਦਾਨ ਕਰ ਰਿਹਾ ਹੈ। ਪ੍ਰਮੁੱਖ ਪ੍ਰੋਜੈਕਟਾਂ ਵਿੱਚ ‘ਯੂਨੀਵਰਸਿਟੀ ਹੌਸਪੀਟਲ ਔਫ ਨੌਰਦਰਨ ਬੀ ਸੀ’ ਵਿਖੇ ਇੱਕ ਨਵੇਂ ਐਕਿਊਟ ਕੇਅਰ ਟਾਵਰ ਦੀ ਉਸਾਰੀ; ਨਵਾਂ ਸਰ੍ਹੀ ਹਸਪਤਾਲ ਅਤੇ ਬੀ ਸੀ ਕੈਂਸਰ ਸੈਂਟਰ ਅਤੇ ਸਰ੍ਹੀ ਮੈਮੋਰੀਅਲ ਵਿਖੇ ਨਵੀਆਂ ਫੈਸੀਲਿਟੀਆਂ; ਲੌਂਗ-ਟਰਮ ਕੇਅਰ ਫੈਸੀਲਿਟੀਆਂ ਜਿਨ੍ਹਾਂ ਦੀ ਉਸਾਰੀ ਚਿਲੀਵੈਕ, ਕਲੋਨਾ ਅਤੇ ਸਕੁਆਮਿਸ਼ ਵਿੱਚ ਸ਼ੁਰੂ ਹੋਣ ਜਾ ਰਹੀ ਹੈ; ਅਤੇ ਨਨਾਇਮੋ ਅਤੇ ਕੈਮਲੂਪਸ ਵਿੱਚ ਕੈਂਸਰ ਸੈਂਟਰ ਸ਼ਾਮਲ ਹਨ।

ਮਾਨਸਿਕ ਸਿਹਤ ਅਤੇ ਨਸ਼ਾਖੋਰੀ

ਸਰਕਾਰ ਨੇ ਬੀ.ਸੀ. ਭਰ ਵਿੱਚ ਮਾਨਸਿਕ-ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਨਿਵੇਸ਼ ਕੀਤੇ ਹਨ। ਬੱਜਟ 2025 ਵਿੱਚ, ਨਸ਼ੇ ਦੀ ਲਤ ਸੰਬੰਧੀ ਚੱਲ ਰਹੇ ਇਲਾਜ ਅਤੇ ਰਿਕਵਰੀ ਪ੍ਰੋਗਰਾਮਾਂ ਲਈ, ਤਿੰਨ ਸਾਲਾਂ ਵਿੱਚ $500 ਮਿਲੀਅਨ ਦੀ ਨਵੀਂ ਫੰਡ ਸਹਾਇਤਾ ਸ਼ਾਮਲ ਹੈ। ਇਨ੍ਹਾਂ ਵਿੱਚ ‘ਰੋਡ ਟੂ ਰਿਕਵਰੀ’ (Road to Recovery), ਫਾਊਂਡਰੀ, ਸੁਰੱਖਿਅਤ ਸੰਭਾਲ, ਬੱਚਿਆਂ ਅਤੇ ਨੌਜਵਾਨਾਂ ਲਈ ਸਹਾਇਤਾ ਅਤੇ ਇੰਡੀਜਨਸ ਅਗਵਾਈ ਵਾਲਾ ਇਲਾਜ, ਰਿਕਵਰੀ ਅਤੇ ਬਾਅਦ ਦੀਆਂ ਦੇਖਭਾਲ ਸੇਵਾਵਾਂ ਸ਼ਾਮਲ ਹਨ।

K-12 ਸਿੱਖਿਆ

ਬੱਜਟ 2025 ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖਣ ਦਾ ਲੋੜੀਂਦਾ ਉਤਸ਼ਾਹਪੂਰਨ ਅਤੇ ਸਵਾਗਤਮਈ ਮਾਹੌਲ ਦੇਣ ਵਿੱਚ ਮਦਦ ਲਈ ਤਿੰਨ ਸਾਲਾਂ ਵਿੱਚ $370 ਮਿਲੀਅਨ ਪ੍ਰਦਾਨ ਕਰਦਾ ਹੈ। ਇਸ ਵਿੱਚ ਵਧੇਰੇ ਅਧਿਆਪਕਾਂ ਦੀ ਭਰਤੀ ਕਰਨਾ ਅਤੇ ‘ਕਲਾਸਰੂਮ ਇਨਹੈਂਸਮੈਂਟ ਫੰਡ’ (Classroom Enhancement Fund) ਰਾਹੀਂ ਅਧਿਆਪਕ, ਸਪੈਸ਼ਲ ਐਜੂਕੇਸ਼ਨ ਅਧਿਆਪਕ, ਅਧਿਆਪਕ ਸਾਇਕੌਲੋਜਿਸਟ (ਮਨੋਵਿਗਿਆਨੀ) ਅਤੇ ਕਾਊਂਸਲਰਾਂ ਲਈ ਫੰਡ ਸਹਾਇਤਾ ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਵੱਧ ਰਹੀ ਗਿਣਤੀ ਵਿੱਚ ਸਹਾਇਤਾ ਕਰਨਾ ਸ਼ਾਮਲ ਹੈ। ਬੱਜਟ 2025 ਵਿੱਚ ਫਰਸਟ ਨੇਸ਼ਨਜ਼ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਫਰਸਟ ਨੇਸ਼ਨਜ਼ ਰੈਸੀਪ੍ਰੋਕਲ ਟਿਊਸ਼ਨ (ਪਰਸਪਰ ਟਿਊਸ਼ਨ ਸਹਾਇਤਾ) ਲਈ $17 ਮਿਲੀਅਨ ਵੀ ਪ੍ਰਦਾਨ ਕੀਤੇ ਗਏ ਹਨ।

ਤਿੰਨ ਸਾਲਾਂ ਵਿੱਚ $4.6 ਬਿਲੀਅਨ ਦਾ ਪੂੰਜੀ ਨਿਵੇਸ਼ ਸਕੂਲਾਂ ਦੀ ਉਸਾਰੀ, ਰੈਨੋਵੇਸ਼ਨ ਅਤੇ ਭੂਚਾਲ ਤੋਂ ਸੁਰੱਖਿਆ ਲਈ ਸੁਧਾਰ ਕਰਨ ਲਈ ਇਸਤੇਮਾਲ ਕੀਤਾ ਜਾਵੇਗਾ। ਪ੍ਰਮੁੱਖ ਪ੍ਰੋਜੈਕਟਾਂ ਵਿੱਚ, ‘ਪ੍ਰੀਫੈਬਰੀਕੇਟਿਡ’ (ਇਮਾਰਤ ਦੀਆਂ ਉਹ ਖਾਸ ਕਿਸਮਾਂ ਜਿਸ ਦੇ ਹਿੱਸੇ ਪਹਿਲਾਂ ਤੋਂ ਕਿਸੇ ਦੂਜੀ ਜਗ੍ਹਾ ‘ਤੇ ਵੱਖੋ-ਵੱਖਰੇ ਭਾਗਾਂ ਵਿੱਚ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਜਿਨ੍ਹਾਂ ਨੂੰ ਉਸਾਰੀ ਵਾਲੀ ਥਾਂ 'ਤੇ ਲਿਆਕੇ ਅਸਾਨੀ ਨਾਲ ਜੋੜ ਕੇ ਬਣਾਇਆ ਜਾ ਸਕਦਾ ਹੈ) ਸਕੂਲ ਪ੍ਰੋਜੈਕਟਾਂ ਵਿੱਚ $392 ਮਿਲੀਅਨ ਸ਼ਾਮਲ ਹਨ, ਜੋ 16 ਸਕੂਲ ਡਿਸਟ੍ਰਿਕਟਾਂ ਵਿੱਚ 6,485 ਨਵੀਆਂ ਸੀਟਾਂ ਪੈਦਾ ਕਰਨਗੇ; ਲੈਂਗਲੀ ਵਿੱਚ ਨਵੇਂ 1,900 ਸੀਟਾਂ ਵਾਲੇ ਸਮਿਥ ਸੈਕੰਡਰੀ ਸਕੂਲ ਲਈ $203 ਮਿਲੀਅਨ; ਅਤੇ ਵੈਨਕੂਵਰ ਵਿੱਚ ਨਵੇਂ 630 ਸੀਟਾਂ ਵਾਲੇ ਓਲੰਪਿਕ ਵਿਲੇਜ ਐਲੀਮੈਂਟਰੀ ਸਕੂਲ ਲਈ $151 ਮਿਲੀਅਨ ਦੇ ਨਿਵੇਸ਼ ਕੀਤੇ ਜਾਣਗੇ।

ਫਰਸਟ ਨੇਸ਼ਨਜ਼ ਭਾਸ਼ਾ ਦੀ ਸੰਭਾਲ ਅਤੇ ਪੁਨਰ-ਸੁਰਜੀਤੀ

ਬੱਜਟ 2025 ਵਿੱਚ ‘ਫਰਸਟ ਪੀਪਲਜ਼ ਕਲਚਰਲ ਕਾਊਂਸਿਲ’ (First Peoples’ Cultural Council) ਲਈ ਤਿੰਨ ਸਾਲਾਂ ਵਿੱਚ ਨਵੀਂ ਫੰਡ ਸਹਾਇਤਾ ਵਿੱਚ $45 ਮਿਲੀਅਨ ਦਾ ਨਿਵੇਸ਼ ਕੀਤਾ ਗਿਆ ਹੈ, ਜੋ ਫਰਸਟ ਨੇਸ਼ਨ ਦੀ ਅਗਵਾਈ ਵਾਲੀ ਪ੍ਰੋਗਰਾਮਿੰਗ ਲਈ ਸੂਬੇ ਦੇ ਪਿਛਲੇ ਸਲਾਨਾ ਨਿਵੇਸ਼ਾਂ ਨੂੰ ਲਗਭਗ ਦੁੱਗਣਾ ਕਰਦਾ ਹੈ। ਇਸ ਵਿਚੋਂ, $36 ਮਿਲੀਅਨ ਭਾਸ਼ਾ ਸੰਬੰਧੀ ਸਿੱਖਿਆ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਭਾਸ਼ਾ ਦੀ ਮਹੱਤਵਪੂਰਨ ਸੰਭਾਲ ਅਤੇ ਪੁਨਰ-ਸੁਰਜੀਤੀ ਲਈ, ਅਤੇ ਮਾਹਰ ਬੁਲਾਰਿਆਂ, ਖਾਸ ਕਰਕੇ ਫਰਸਟ ਨੇਸ਼ਨਜ਼ ਦੇ ‘ਐਲਡਰਜ਼’ (ਉਹ ਲੋਕ ਜਿਨ੍ਹਾਂ ਨੂੰ ਆਪਣੀ ਸਿਆਣਪ, ਸੱਭਿਆਚਾਰਕ ਗਿਆਨ, ਅਤੇ ਭਾਈਚਾਰੇ ਦੀ ਸੇਵਾ ਲਈ ਮਾਨਤਾ ਪ੍ਰਾਪਤ ਹੈ) ਅਤੇ ਔਰਤਾਂ ਲਈ ਸਿਖਿਆਰਥੀਆਂ ਅਤੇ ਨੌਕਰੀਆਂ ਦੀ ਸਹਾਇਤਾ ਲਈ ਉਪਲਬਧ ਕੀਤੇ ਜਾਣਗੇ।

ਪੋਸਟ-ਸੈਕੰਡਰੀ ਸਿੱਖਿਆ ਅਤੇ ਹੁਨਰ ਸਿਖਲਾਈ

ਪਿਛਲੇ ਬੱਜਟਾਂ ਦੇ ਹਿੱਸੇ ਵਜੋਂ, ‘ਸਟ੍ਰੌਂਗਰ ਬੀ ਸੀ: ਫਿਊਚਰ ਰੈਡੀ ਐਕਸ਼ਨ ਪਲਾਨ’ (StrongerBC: Future Ready Action Plan) ਰਾਹੀਂ ਬੀ.ਸੀ. ਤਿੰਨ ਸਾਲਾਂ ਵਿੱਚ $700 ਮਿਲੀਅਨ ਤੋਂ ਵੱਧ ਲਈ ਵਚਨਬੱਧ ਹੈ, ਤਾਂ ਜੋ ਲੋਕਾਂ ਨੂੰ ਭਵਿੱਖ ਦੀਆਂ ਨੌਕਰੀਆਂ ਲਈ ਤਿਆਰ ਕਰਨ ਲਈ ਪੋਸਟ-ਸੈਕੰਡਰੀ ਸਿੱਖਿਆ ਤੱਕ ਪਹੁੰਚ ਵਿੱਚ ਸੁਧਾਰ ਕੀਤਾ ਜਾ ਸਕੇ, ਅਤੇ ਰੁਜ਼ਗਾਰ ਦੇਣ ਵਾਲਿਆਂ ਲਈ ਹੁਨਰਮੰਦ ਕਾਮਿਆਂ ਨੂੰ ਲੱਭਣ ਵਿੱਚ ਪੇਸ਼ ਆਉਂਦੀਆਂ ਰੁਕਾਵਟਾਂ ਨੂੰ ਖਤਮ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ।

ਬੱਜਟ 2025 ਬੀ.ਸੀ. ਦੀ ‘ਹੈਲਥ ਹਿਊਮਨ ਰੀਸੋਰਸਿਜ਼ ਸਟ੍ਰੈਟਜੀ’ ਵਿੱਚ ਨਿਰੰਤਰ ਨਿਵੇਸ਼ ਵਿੱਚ ਮਦਦ ਕਰਦਾ ਹੈ। ਪਹਿਲੇ ਦੋ ਸਾਲਾਂ ਵਿੱਚ, ਨਿਵੇਸ਼ਾਂ ਨੇ ਸੈਂਕੜੇ ਸਿਖਲਾਈ ਸੀਟਾਂ ਲਈ ਫੰਡ ਸਹਾਇਤਾ ਵਿੱਚ ਮਦਦ ਕੀਤੀ ਹੈ, ਜਿਸ ਵਿੱਚ 40 ਨਵੀਆਂ ਅੰਡਰਗ੍ਰੈਜੂਏਟ ਮੈਡੀਕਲ ਸੀਟਾਂ, 162 ਨਵੀਆਂ ਰੈਜ਼ੀਡੈਨਸੀ ਥਾਂਵਾਂ ਅਤੇ 65 ਨਵੀਆਂ ਨਰਸ ਪ੍ਰੈਕਟੀਸ਼ਨਰ ਸਿਖਲਾਈ ਸੀਟਾਂ ਸ਼ਾਮਲ ਹਨ। ਬਾਕੀ ਫੰਡਿੰਗ ਹੋਰ ਸਿਹਤ-ਸੰਭਾਲ ਕਰਮਚਾਰੀਆਂ ਨੂੰ ਸਿਖਲਾਈ ਦੇਣਾ ਜਾਰੀ ਰੱਖੇਗੀ ਤਾਂ ਜੋ ਬੀ.ਸੀ. ਦੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।

ਬੱਜਟ 2025 ਵਿੱਚ ਪੋਸਟ-ਸੈਕੰਡਰੀ ਸੰਸਥਾਵਾਂ ਲਈ ਵਿੱਤੀ ਯੋਜਨਾ ਦੌਰਾਨ $4.7 ਬਿਲੀਅਨ ਦੀ ਕੈਪੀਟਲ ਫੰਡਿੰਗ ਸ਼ਾਮਲ ਹੈ। ਪ੍ਰਮੁੱਖ ਪ੍ਰੋਜੈਕਟਾਂ ਵਿੱਚ ਵੈਨਕੂਵਰ ਕਮਿਊਨਿਟੀ ਕਾਲਜ ਵਿਖੇ ‘ਸੈਂਟਰ ਫ਼ੌਰ ਕਲੀਨ ਐਨਰਜੀ ਐਂਡ ਔਟੋਮੋਟਿਵ ਇਨੋਵੇਸ਼ਨ’ (Centre for Clean Energy and Automotive Innovation) ਦੀ ਉਸਾਰੀ ਲਈ $315 ਮਿਲੀਅਨ; ਲੈਂਗਫੋਰਡ ਵਿੱਚ ਰੌਇਲ ਰੋਡਜ਼ ਯੂਨੀਵਰਸਿਟੀ ਲਈ ‘ਵੈਸਟ ਸ਼ੋਰ ਲਰਨਿੰਗ ਸੈਂਟਰ ਕੈਂਪਸ’ ਲਈ $108 ਮਿਲੀਅਨ; ਕਲੋਨਾ ਦੇ ਓਕਾਨਾਗਨ ਕਾਲਜ ਵਿਖੇ ‘ਸੈਂਟਰ ਫੌਰ ਫੂਡ, ਵਾਈਨ ਐਂਡ ਟੂਰਿਜ਼ਮ’ (Centre for Food, Wine and Tourism) ਲਈ $57 ਮਿਲੀਅਨ; ਅਤੇ ਸਰ੍ਹੀ ਵਿੱਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਨਵੇਂ ਮੈਡੀਕਲ ਸਕੂਲ ਲਈ ਅੰਤਰਿਮ ਜਗ੍ਹਾ ਲਈ $34 ਮਿਲੀਅਨ ਸ਼ਾਮਲ ਹਨ।

ਸੰਭਾਲ ਅਤੇ ਵਿਕਲਪਕ ਸੰਭਾਲ ਵਿੱਚ ਬੱਚੇ ਅਤੇ ਨੌਜਵਾਨ

ਬੱਜਟ 2025 ਸਰਕਾਰੀ ਸੰਭਾਲ ਜਾਂ ਵਿਕਲਪਕ ਸੰਭਾਲ ਪ੍ਰਬੰਧਾਂ (ਜਿਵੇਂ ਕਿ ਪਰਿਵਾਰ ਦੇ ਕਿਸੇ ਮੈਂਬਰ ਜਾਂ ਸਥਾਪਤ ਰਿਸ਼ਤੇ ਜਾਂ ਸੱਭਿਆਚਾਰਕ ਕਨੈਕਸ਼ਨ ਵਾਲੇ ਕਿਸੇ ਵਿਅਕਤੀ ਦੀ ਦੇਖਭਾਲ ਹੇਠ ਰਹਿੰਦੇ ਬੱਚੇ) ਵਿੱਚ ਮਦਦ ਲਈ ਤਿੰਨ ਸਾਲਾਂ ਵਿੱਚ $821 ਮਿਲੀਅਨ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਫੌਸਟਰ ਕੇਅਰ ਅਤੇ ਵਿਸ਼ੇਸ਼ ਘਰ (specialized homes), ਸੁਤੰਤਰ ਤੌਰ ‘ਤੇ ਰਹਿਣ ਲਈ ਪ੍ਰੋਗਰਾਮ, ਅਤੇ ‘ਇੰਡੀਜਨਸ ਚਾਈਲਡ ਐਂਡ ਫੈਮਿਲੀ ਸਰਵਿਸ’ ਏਜੰਸੀਆਂ (Indigenous Child and Family Service Agencies) ਦੁਆਰਾ ਸਹਾਇਤਾ ਪ੍ਰਾਪਤ ਮਿਲਦੇ-ਜੁਲਦੇ ਸੰਭਾਲ ਪ੍ਰੋਗਰਾਮ ਸ਼ਾਮਲ ਹਨ।

ਸਹਾਇਤਾ ਦੀਆਂ ਲੋੜਾਂ ਵਾਲੇ ਬੱਚੇ ਅਤੇ ਨੌਜਵਾਨ

ਬੱਜਟ 2025, ਔਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਅਤੇ ਨੌਜਵਾਨਾਂ ਅਤੇ ਗੰਭੀਰ ਅਪੰਗਤਾ ਜਾਂ ਗੁੰਝਲਦਾਰ ਸਿਹਤ-ਸੰਭਾਲ ਲੋੜਾਂ ਵਾਲੇ ਬੱਚਿਆਂ ਲਈ ਮੈਡੀਕਲ ਬੈਨਿਫ਼ਿਟ ਤੱਕ ਪਹੁੰਚ ਕਰਨ ਵਾਲੇ ਪਰਿਵਾਰਾਂ ਵਾਸਤੇ, ਤਿੰਨ ਸਾਲਾਂ ਦੌਰਾਨ ਹੋਰ $172 ਮਿਲੀਅਨ ਪ੍ਰਦਾਨ ਕਰਦਾ ਹੈ। ਨਵੀਂ ਫੰਡਿੰਗ 2,700 ਹੋਰ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰੇਗੀ, ਜਿਸ ਨਾਲ 2025-2026 ਵਿੱਚ ਬੱਚਿਆਂ ਅਤੇ ਨੌਜਵਾਨਾਂ ਦੀ ਕੁੱਲ ਗਿਣਤੀ 30,400 ਹੋ ਜਾਵੇਗੀ।

ਆਮਦਨੀ ਅਤੇ ਅਪੰਗਤਾ ਸਹਾਇਤਾ, ਅਤੇ ਵਧੇਰੇ ਸਹਾਇਤਾ

ਆਮਦਨੀ, ਅਪੰਗਤਾ ਅਤੇ ਵਧੇਰੇ ਸਹਾਇਤਾ ਦੀ ਵਧਦੀ ਮੰਗ ਵਿੱਚ ਮਦਦ ਲਈ ਬੱਜਟ, ਤਿੰਨ ਸਾਲਾਂ ਵਿੱਚ $1.6 ਬਿਲੀਅਨ ਹੋਰ ਪ੍ਰਦਾਨ ਕਰਦਾ ਹੈ। ਲਗਭਗ 253,000 ਲੋਕਾਂ ਨੂੰ ਸਹਾਇਤਾ ਪ੍ਰਾਪਤ ਹੁੰਦੀ ਹੈ, ਜਿਸ ਵਿੱਚ ਆਰਥਿਕ, ਆਵਾਜਾਈ ਅਤੇ ਸੰਕਟ ਸੰਬੰਧੀ ਸਪਲੀਮੈਂਟ, ਅਤੇ ਕਾਊਂਸਲਿੰਗ ਅਤੇ ਸਿਹਤ ਸੰਭਾਲ ਲਈ ਸਹਾਇਤਾ ਸ਼ਾਮਲ ਹੈ।

ਕਮਿਊਨਿਟੀ ਲਿਵਿੰਗ ਬੀ ਸੀ

ਬੱਜਟ 2025 ਵਧ ਰਹੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਮਿਊਨਿਟੀ ਲਿਵਿੰਗ ਬੀ ਸੀ (Community Living BC) ਨੂੰ ਤਿੰਨ ਸਾਲਾਂ ਦੌਰਾਨ ਵਧੇਰੇ $380 ਮਿਲੀਅਨ ਪ੍ਰਦਾਨ ਕਰ ਰਿਹਾ ਹੈ। ਕਮਿਊਨਿਟੀ ਲਿਵਿੰਗ ਬੀ ਸੀ ਵਿਕਾਸ ਸਬੰਧੀ ਅਪੰਗਤਾਵਾਂ ਵਾਲੇ 29,000 ਤੋਂ ਵੱਧ ਬਾਲਗਾਂ ਦੀ ਸਹਾਇਤਾ ਕਰਦੀ ਹੈ।

ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਬਾਰੇ ਜਾਣੋ

ਬੀ.ਸੀ. ਲਈ ਇੱਕ ਮਜ਼ਬੂਤ, ਵਿਭਿੰਨ ਆਰਥਿਕਤਾ

ਜਦ ਕੈਨੇਡਾ ਅਣਉਚਿਤ ਅਮਰੀਕੀ ਟੈਰਿਫ਼ਾਂ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ, ਬੱਜਟ 2025 ਅਜਿਹੀ ਮੇਡ-ਇਨ-ਬੀ.ਸੀ. (ਬੀ.ਸੀ. ਵਿੱਚ ਤਿਆਰ) ਯੋਜਨਾ ਹੈ, ਜੋ ਵਿਕਾਸ ਵਿੱਚ ਮਦਦ ਕਰਨ ਅਤੇ ਲੋਕਾਂ ਲਈ ਚੰਗੀਆਂ ਨੌਕਰੀਆਂ ਸੁਰੱਖਿਅਤ ਕਰਨ ਲਈ ਤਿਆਰ ਕੀਤੀ ਗਈ ਹੈ।

ਬੀ.ਸੀ. ਨੇ ਅੰਤਰਰਾਸ਼ਟਰੀ ਚੁਣੌਤੀਆਂ ਦੇ ਬਾਵਜੂਦ ਇੱਕ ਮਜ਼ਬੂਤ ਆਰਥਿਕ ਨੀਂਹ ਬਣਾਈ ਹੈ, ਰਿਕਾਰਡ ਪੱਧਰ ਦੇ ਨਿਵੇਸ਼ਾਂ ਨੂੰ ਆਕਰਸ਼ਤ ਕੀਤਾ ਹੈ ਅਤੇ ਉਦਯੋਗ ਦੇ ਵਿਕਾਸ ਅਤੇ ਨਵੀਨਤਾ ਵਿੱਚ ਮਦਦ ਕੀਤੀ ਹੈ।

ਸਰਕਾਰ ਕੁਦਰਤੀ-ਸਰੋਤਾਂ ਦੇ ਖੇਤਰ ਵਿੱਚ ਪਰਮਿਟ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਪਿਛਲੇ ਨਿਵੇਸ਼ਾਂ 'ਤੇ ਤਰੱਕੀ ਕਰਨਾ ਜਾਰੀ ਰੱਖ ਰਹੀ ਹੈ, ਤਾਂ ਜੋ ਉੱਚ ਤਰਜੀਹ ਵਾਲੇ ਪ੍ਰੋਜੈਕਟਾਂ ਨੂੰ ਹੋਰ ਤੇਜ਼ੀ ਨਾਲ ਤਿਆਰ ਕੀਤਾ ਜਾ ਸਕੇ। ਇਸ ਵਿੱਚ ਲਗਭਗ $20 ਬਿਲੀਅਨ ਦੇ 18 ਪ੍ਰਮੁੱਖ ਮਹੱਤਵਪੂਰਨ ਖਣਿਜ ਅਤੇ ਊਰਜਾ ਪ੍ਰੋਜੈਕਟਾਂ ਨੂੰ ਤੇਜ਼ ਕਰਨਾ ਸ਼ਾਮਲ ਹੈ।

ਬੱਜਟ 2025 ਵਧੇਰੇ ਸਵੈ-ਨਿਰਭਰ ਅਤੇ ਵਿਭਿੰਨ ਆਰਥਿਕਤਾ ਦੇ ਵਿਕਾਸ ਦੇ ਆਪਣੇ ਟੀਚੇ ਵਿੱਚ ਬੀ.ਸੀ. ਨੂੰ ਅੱਗੇ ਵਧਾਉਂਦਾ ਹੈ, ਜੋ ਲੋਕਾਂ ਅਤੇ ਵਪਾਰ-ਸੰਬੰਧਤ ਸਮਾਨ ਨੂੰ ਢੋਣਾ ਜਾਰੀ ਰੱਖਣ ਲਈ ਵਿੱਤੀ ਯੋਜਨਾ 'ਤੇ $172 ਮਿਲੀਅਨ ਦੇ ਨਵੇਂ ਨਿਵੇਸ਼ ਅਤੇ ਆਰਥਿਕ ਵਿਕਾਸ ਵਿੱਚ ਮਦਦ ਲਈ ਨਵੇਂ ਟੈਕਸ ਉਪਾਵਾਂ ਦੇ ਨਾਲ ਚੁਣੌਤੀਪੂਰਨ ਸਮਿਆਂ ਵਿੱਚ ਅਟੁੱਟ ਸਹਿਯੋਗ ਪ੍ਰਦਾਨ ਕਰੇਗਾ।

ਚੰਗੀਆਂ ਨੌਕਰੀਆਂ ਪੈਦਾ ਕਰਨ ਲਈ ਨਵੀਨਤਾ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨਾ

ਤਿੰਨ ਸਾਲ ਦੇ ਪਾਇਲਟ ਦੀ ਸਫਲਤਾ ਨੂੰ ਅੱਗੇ ਵਧਾਉਂਦਿਆਂ, ਬੱਜਟ 2025 ਟੈਕ ਕੰਪਨੀਆਂ ਨੂੰ ਕਮਰਸ਼ੀਅਲ ਭਾਈਵਾਲਾਂ ਨਾਲ ਜੋੜਨ ਲਈ ‘ਇੰਟੀਗਰੇਟਿਡ ਮਾਰਕਿਟਪਲੇਸ ਇਨੀਸ਼ੀਏਟਿਵ’ (Integrated Marketplace Initiative) ਵਿੱਚ ਤਿੰਨ ਸਾਲਾਂ ਵਿੱਚ $30 ਮਿਲੀਅਨ ਦਾ ਨਿਵੇਸ਼ ਕਰ ਰਿਹਾ ਹੈ, ਤਾਂ ਜੋ ਅਸਲ ਪਰਿਸਥਿਤੀਆਂ ਵਿੱਚ ਉਨ੍ਹਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਜਾਂਚ ਕੀਤੀ ਜਾ ਸਕੇ।

ਇਹ ਪਹਿਲਕਦਮੀ ਟੈਕ ਕੰਪਨੀਆਂ ਵਿੱਚ ਵਾਧਾ ਕਰਨ, ਨਵੀਆਂ ਮਾਰਕਿਟਾਂ ਵਿੱਚ ਵਿਸਤਾਰ ਕਰਨ ਅਤੇ ਸਾਡੇ ਸੂਬੇ ਵਿੱਚ ਵਧੇਰੇ ਉੱਚ ਗੁਣਵੱਤਾ ਵਾਲੀਆਂ ਨੌਕਰੀਆਂ ਅਤੇ ਮੌਕੇ ਪੈਦਾ ਕਰਨ ਵਿੱਚ ਸਹਾਇਤਾ ਕਰਦੀ ਹੈ। ਇਹ ਪ੍ਰੋਜੈਕਟ, ਬੀ.ਸੀ. ਦੀ ਵਿਭਿੰਨ ਆਰਥਿਕਤਾ ਲਈ ਪੋਰਟਾਂ ਅਤੇ ਹਵਾਈ ਅੱਡਿਆਂ ਸਮੇਤ ਮਹੱਤਵਪੂਰਨ ਸਾਈਟਾਂ 'ਤੇ ਸਥਿਤ ਹਨ।

ਬੀ.ਸੀ. ਜੀਵੰਤ ‘ਇੰਟਰਐਕਟਿਵ ਟੈਕਨੌਲੋਜੀ’ ਦਾ ਮੁੱਖ ਕੇਂਦਰ ਹੈ, ਜਿਸ ਵਿੱਚ ਅਜਿਹੀਆਂ ਅੰਤਰਰਾਸ਼ਟਰੀ ਕੰਪਨੀਆਂ ਦੇ ਦਫ਼ਤਰ ਹਨ ਜੋ ਵੀਡੀਓ ਗੇਮਾਂ ਅਤੇ ਵਰਚੁਅਲ ਰਿਐਲਿਟੀ ਦੇ ਖੇਤਰ ਵਿੱਚ ਮੋਢੀ ਹਨ। ਇਸ ਖੇਤਰ ਦੀ ਸਫਲਤਾ ਨੂੰ ਹੁਲਾਰਾ ਦੇਣ ਲਈ, ਬੱਜਟ 2025 ‘ਇੰਟਰਐਕਟਿਵ ਡਿਜੀਟਲ ਮੀਡੀਆ ਟੈਕਸ ਕ੍ਰੈਡਿਟ’ ਨੂੰ 17.5٪ ਤੋਂ ਵਧਾ ਕੇ 25٪ ਕਰ ਰਿਹਾ ਹੈ ਅਤੇ ਕ੍ਰੈਡਿਟ ਨੂੰ ਸਥਾਈ ਬਣਾ ਰਿਹਾ ਹੈ। ਇਸ ਨਾਲ ਕੰਪਨੀਆਂ ਨੂੰ ਹੁਨਰਮੰਦ ਲੋਕਾਂ ਨੂੰ ਆਕਰਸ਼ਤ ਕਰਨ, ਆਪਣੀਆਂ ਟੀਮਾਂ ਦਾ ਵਿਸਤਾਰ ਕਰਨ ਅਤੇ ਵਧੇਰੇ ਕੌਂਟਰੈਕਟ ਸੁਰੱਖਿਅਤ ਕਰਨ ਲਈ ਇੱਕ ਮਜ਼ਬੂਤ ਅਤੇ ਟਿਕਾਊ ਉਦਯੋਗ ਬਣਾਉਣ ਵਿੱਚ ਸਹਾਇਤਾ ਮਿਲੇਗੀ।

ਬੱਜਟ 2025 ਬੀ.ਸੀ. ਦੇ ਛੋਟੇ ਕਾਰੋਬਾਰਾਂ ਵਿੱਚ ਨਿਵੇਸ਼ ਨੂੰ ਵੀ ਉਤਸ਼ਾਹਤ ਕਰਦਾ ਹੈ, ਜਿਸ ਵਿੱਚ ਇਸਦੇ ‘ਸਮੌਲ ਬਿਜ਼ਨੈਸ ਵੈਨਚਰ ਕੈਪੀਟਲ ਟੈਕਸ ਕ੍ਰੈਡਿਟ’ (small business venture capital tax credit) ਰਾਹੀਂ ਵਿਅਕਤੀਆਂ ਲਈ ਨਿਵੇਸ਼ ਸੀਮਾ ਵਿੱਚ ਵਾਧਾ ਅਤੇ 2025-27 ਲਈ ਪ੍ਰੋਗਰਾਮ ਦੇ ਬੱਜਟ ਵਿੱਚ $15 ਮਿਲੀਅਨ ਦਾ ਅਸਥਾਈ ਵਾਧਾ ਸ਼ਾਮਲ ਹੈ।

ਕਨੇਡੀਅਨ ਸਮੱਗਰੀ ਅਤੇ ‘ਮੇਡ-ਇਨ-ਬੀ.ਸੀ.’ ਪ੍ਰੋਡਕਸ਼ਨ ਨੂੰ ਸਹਿਯੋਗ ਦੇਣਾ

ਬੱਜਟ 2025 ਬੀ.ਸੀ. ਦੇ ਖੁਸ਼ਹਾਲ ਫਿਲਮ ਸੈਕਟਰ ਲਈ ਪ੍ਰੋਤਸਾਹਨਾਂ ਵਿੱਚ ਵਾਧਾ ਕਰਦਾ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਫਿਲਮ ਅਤੇ ਟੀ.ਵੀ. ਉਦਯੋਗ ਦੀਆਂ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਸੂਬੇ ਵਿੱਚ ਬਰਕਰਾਰ ਰਹਿਣ। ਕਨੇਡੀਅਨ ਸਮੱਗਰੀ ਵਾਲੀਆਂ ਪ੍ਰੋਡਕਸ਼ਨਾਂ ਲਈ ‘ਫਿਲਮ ਇਨਸੈਨਟਿਵ ਬੀ ਸੀ’ (Film Incentive BC) ਕ੍ਰੈਡਿਟ 35٪ ਤੋਂ ਵਧਾ ਕੇ 40٪ ਕਰ ਦਿੱਤੇ ਗਏ ਹਨ, ਜੋ ਕਨੇਡੀਅਨ ਸਮੱਗਰੀ ਨੂੰ ਸਹਿਯੋਗ ਦੇਣ ਲਈ 1 ਜਨਵਰੀ, 2025 ਤੱਕ ਰੈਟ੍ਰੋਐਕਟਿਵ ਹੈ। ਬੀ.ਸੀ. ਵਿੱਚ ਬਣੇ ਅੰਤਰਰਾਸ਼ਟਰੀ ਪ੍ਰੋਜੈਕਟਾਂ ਵਿੱਚ ਮਦਦ ਲਈ, ‘ਪ੍ਰੋਡਕਸ਼ਨ ਸਰਵਿਸਿਜ਼ ਟੈਕਸ ਕ੍ਰੈਡਿਟ’ (production services tax credit) 28٪ ਤੋਂ ਵਧ ਕੇ 36٪ ਹੋ ਰਿਹਾ ਹੈ। $200 ਮਿਲੀਅਨ ਤੋਂ ਵੱਧ ਦੇ ਖ਼ਰਚਿਆਂ ਵਾਲੇ ਪ੍ਰੋਡਕਸ਼ਨ ਪ੍ਰੋਜੈਕਟ, ਨਵੇਂ 2٪ ‘ਮੇਜਰ ਪ੍ਰੋਡਕਸ਼ਨ ਟੈਕਸ ਕ੍ਰੈਡਿਟ’ (major production tax credit) ਰਾਹੀਂ ਵਧੇਰੇ ਸਹਾਇਤਾ ਲੈ ਸਕਦੇ ਹਨ।

ਬੱਜਟ 2025 ਕਿਸੇ ਖੇਤਰੀ ਜਾਂ ਦੂਰ-ਦੁਰਾਡੇ ਦੇ ਖੇਤਰ ਵਿੱਚ ਸਥਾਪਤ ਦਫ਼ਤਰਾਂ ਵਾਲੀਆਂ ਉਨ੍ਹਾਂ ਐਨੀਮੇਟਿਡ ਪ੍ਰੋਡਕਸ਼ਨਾਂ ਲਈ ਨਿਯਮਾਂ ਵਿੱਚ ਸੋਧ ਵੀ ਕਰ ਰਿਹਾ ਹੈ ਜੋ ‘ਫਿਲਮ ਇਨਸੈਨਟਿਵ ਬੀ ਸੀ’ ਦੇ ਟੈਕਸ ਕ੍ਰੈਡਿਟ ਜਾਂ ‘ਪ੍ਰੋਡਕਸ਼ਨ ਸਰਵਿਸਿਜ਼ ਟੈਕਸ ਕ੍ਰੈਡਿਟ’ ਦੇ ਯੋਗ ਹਨ, ਤਾਂਕਿ ਉਹ ਖੇਤਰੀ ਅਤੇ ਦੂਰ-ਦਰਾਡੇ ਦੀ ਲੋਕੇਸ਼ਨ ਵਾਲੇ ਟੈਕਸ ਕ੍ਰੈਡਿਟ ਕਲੇਮ ਕਰ ਸਕਣ, ਜੇ ਉਹ ਹੋਰ ਲੋੜਾਂ ਨੂੰ ਪੂਰਾ ਕਰਦੇ ਹਨ।

ਆਵਾਜਾਈ ਅਤੇ ਟ੍ਰਾਂਜ਼ਿਟ ਵਿੱਚ ਸੁਧਾਰ ਰਾਹੀਂ ਮਾਲ ਦੀ ਢੋਆ-ਢੁਆਈ ਅਤੇ ਲੋਕਾਂ ਲਈ ਸਫ਼ਰ ਨੂੰ ਅਸਾਨ ਬਣਾਉਣਾ

ਆਵਾਜਾਈ ਲਈ ਭਰੋਸੇਯੋਗ ਬੁਨਿਆਦੀ ਢਾਂਚਾ ਲੋਕਾਂ ਨੂੰ ਆਪਸ ਵਿੱਚ ਜੋੜੇ ਰੱਖਣ, ਸਪਲਾਈ ਚੇਨ ਨੂੰ ਮਜ਼ਬੂਤ ਕਰਨ ਅਤੇ ਬੀ.ਸੀ. ਦੇ ਉਤਪਾਦਾਂ ਨੂੰ ਕੁਸ਼ਲਤਾ ਨਾਲ ਮਾਰਕਿਟ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ।

ਬੱਜਟ 2025 ਵਿੱਚ ਹਾਈਵੇਆਂ ਅਤੇ ਪੁਲਾਂ ਦੀ ਸਾਂਭ-ਸੰਭਾਲ ਅਤੇ ਲੋਕਾਂ ਅਤੇ ਵਪਾਰ-ਸੰਬੰਧਤ ਸਮਾਨ ਨੂੰ ਸੂਬੇ ਭਰ ਵਿੱਚ ਸੁਰੱਖਿਅਤ ਢੰਗ ਨਾਲ ਢੋਣਾ ਯਕੀਨੀ ਬਣਾਉਣ ਲਈ ਮਹੱਤਵਪੂਰਨ ਆਵਾਜਾਈ ਸੇਵਾਵਾਂ ਵਿੱਚ ਮਦਦ ਵਾਸਤੇ ਤਿੰਨ ਸਾਲਾਂ ਵਿੱਚ $142 ਮਿਲੀਅਨ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਵਿੱਚ ਸ਼ਾਮਲ ਹਨ:

  • ਸੂਬੇ ਭਰ ਵਿੱਚ ਹਾਈਵੇਆਂ ਅਤੇ ਪੁਲਾਂ ਦੀ ਮਹੱਤਵਪੂਰਨ ਸਾਂਭ-ਸੰਭਾਲ ਲਈ ਵਧੇਰੇ ਫੰਡਿੰਗ ਵਿੱਚ $95 ਮਿਲੀਅਨ; ਅਤੇ
  • ਲੋਅਰ ਮੇਨਲੈਂਡ ਤੋਂ ਬਾਹਰ 130 ਭਾਈਚਾਰਿਆਂ ਵਿੱਚ ਭਰੋਸੇਯੋਗ ਬੱਸ ਅਤੇ ਹੈਂਡੀ-ਡਾਰਟ (handyDART) ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਬੀ ਸੀ ਟ੍ਰਾਂਜ਼ਿਟ ਲਈ $47 ਮਿਲੀਅਨ।

ਬੱਜਟ 2025 ਵਿੱਚ ਅਗਲੇ ਤਿੰਨ ਸਾਲਾਂ ਵਿੱਚ ਬੀ.ਸੀ. ਵਿੱਚ ਆਵਾਜਾਈ ਦੇ ਨੈਟਵਰਕ ਨੂੰ ਬਿਹਤਰ ਬਣਾਉਣ ਲਈ $15.9 ਬਿਲੀਅਨ ਦੀ ਕੈਪੀਟਲ ਫੰਡਿੰਗ ਵੀ ਸ਼ਾਮਲ ਹੈ। ਪ੍ਰਵਾਨਿਤ ਪ੍ਰੋਜੈਕਟਾਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ:

  • ਸਰ੍ਹੀ ਲੈਂਗਲੀ ਸਕਾਈਟ੍ਰੇਨ ਲਈ $6 ਬਿਲੀਅਨ;
  • ਫਰੇਜ਼ਰ ਵੈਲੀ ਹਾਈਵੇਅ 1 ਕੌਰੀਡੋਰ ਦੇ ਸੁਧਾਰ ਪ੍ਰੋਗਰਾਮ ਦੇ ਦੋ ਪੜਾਵਾਂ ਲਈ $5 ਬਿਲੀਅਨ;
  • ਹਾਈਵੇਅ 99 'ਤੇ ਜੌਰਜ ਮੈਸੀ ਟਨਲ ਦੀ ਥਾਂ ਅੱਠ ਲੇਨਾਂ ਦੇ ‘ਇਮਰਸਡ ਟਿਊਬ ਟਨਲ’ (immersed tube tunnel) ਲਈ $4.2 ਬਿਲੀਅਨ;
  • ਬ੍ਰੌਡਵੇ ਸਬਵੇਅ ਪ੍ਰੋਜੈਕਟ ਲਈ $3 ਬਿਲੀਅਨ;
  • ਕੈਮਲੂਪਸ ਅਤੇ ਗੋਲਡਨ ਵਿਚਕਾਰ ਹਾਈਵੇਅ 1 ਦੇ ਕਈ ਭਾਗਾਂ ਵਿੱਚ ਸੁਧਾਰ ਲਈ $1.2 ਬਿਲੀਅਨ; ਅਤੇ
  • ਜ਼ਮੀਨ ਖਿਸਕਣ ਨਾਲ ਨੁਕਸਾਨੇ ਗਏ ਕੈਰੀਬੂ ਖੇਤਰ ਵਿੱਚ ਸੜਕਾਂ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਤੱਕ ਪਹੁੰਚ ਬਹਾਲ ਕਰਨ ਲਈ ਦੋ ਪ੍ਰੋਜੈਕਟਾਂ ਲਈ $538 ਮਿਲੀਅਨ।
ਆਰਥਿਕ ਯੋਜਨਾ ਬਾਰੇ ਜਾਣੋ

ਬੀ.ਸੀ. ਲਾਗਤਾਂ ਨੂੰ ਘਟਾ ਕੇ, ਕਿਫ਼ਾਇਤੀ ਘਰ ਉਪਲਬਧ ਕਰਵਾਏਗਾ

ਬੀ.ਸੀ. ਰਹਿਣ ਲਈ ਇੱਕ ਬਹੁਤ ਖ਼ੂਬਸੂਰਤ ਥਾਂ ਹੈ, ਪਰ ਬਹੁਤ ਸਾਰੇ ਲੋਕ ਇੱਥੇ ਵਧੇ ਹੋਏ ਖ਼ਰਚਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਰਹਿਣ ਲਈ ਇੱਕ ਕਿਫ਼ਾਇਤੀ ਜਗ੍ਹਾ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਸਾਲ 2017 ਤੋਂ ਲੈ ਕੇ ਹੁਣ ਤੱਕ, ਸੂਬੇ ਨੇ ਲੋਕਾਂ ਦੀ ਰਹਿਣ-ਸਹਿਣ ਦੇ ਖ਼ਰਚਿਆਂ ਵਿੱਚ ਮਦਦ ਕਰਨ ਨੂੰ ਤਰਜੀਹ ਦਿੱਤੀ ਹੈ, ਜਿਸ ਵਿੱਚ ICBC ਰਿਬੇਟਾਂ ਅਤੇ ਰੇਟਾਂ ਨੂੰ ਘਟਾਉਣਾ, ‘ਮੈਡੀਕਲ ਸਰਵਿਸਿਸ ਪਲੈਨ’ ਦੇ ਭੁਗਤਾਨਾਂ ਨੂੰ ਹਟਾਉਣਾ, ਸਕੂਲ ਭੋਜਨ ਪ੍ਰੋਗਰਾਮਾਂ ਦਾ ਵਿਸਤਾਰ ਕਰਨਾ, ਸੱਟੇਬਾਜ਼ੀ ਨਾਲ ਨਜਿੱਠਣਾ ਅਤੇ ਲੋਕਾਂ ਲਈ ਕਿਫ਼ਾਇਤੀ ਘਰ ਬਣਾਉਣਾ ਅਤੇ, ‘ਬੀ ਸੀ ਫੈਮਿਲੀ ਬੈਨਿਫ਼ਿਟ’ (BC Family Benefit) ਵਰਗੀ ਵਿੱਤੀ ਸਹਾਇਤਾ ਸ਼ਾਮਲ ਹੈ। ਬੱਜਟ 2025, ਸਾਲ 2024-25 ਤੋਂ ਸ਼ੁਰੂ ਹੋਣ ਵਾਲੇ ਚਾਰ ਸਾਲਾਂ ਵਿੱਚ $1.1 ਬਿਲੀਅਨ ਦੇ ਨਾਲ, ਜ਼ਿੰਦਗੀ ਨੂੰ ਕਿਫ਼ਾਇਤੀ ਬਣਾਉਣ ਦੇ ਸਰਕਾਰ ਦੇ ਉਪਾਵਾਂ ‘ਤੇ ਅਧਾਰਤ ਹੈ, ਤਾਂ ਜੋ ਲੋਕਾਂ ਦੀ ਘਰ ਖ਼ਰੀਦਣ ਦੀ ਅਸਮਰੱਥਾ ਨਾਲ ਨਜਿੱਠਿਆ ਜਾ ਸਕੇ ਅਤੇ ਇੱਕ-ਵਾਰ ਦੀ ICBC ਰਿਬੇਟ ਦਿੱਤੀ ਜਾ ਸਕੇ।

‘ਬੀ ਸੀ ਬਿਲਡਜ਼’ (BC Builds)

ਤਿੰਨ ਸਾਲਾਂ ਦੌਰਾਨ $198 ਮਿਲੀਅਨ ਦੀ ਸ਼ੁਰੂਆਤੀ ਪ੍ਰੋਗਰਾਮ ਫੰਡਿੰਗ ਦੇ ਨਾਲ, 2024 ਵਿੱਚ ਪੇਸ਼ ਕੀਤਾ ਗਿਆ ‘ਬੀ ਸੀ ਬਿਲਡਜ਼’ ਇੱਕ ਹਾਊਸਿੰਗ ਪ੍ਰੋਗਰਾਮ ਹੈ ਜੋ ਬੀ.ਸੀ. ਭਰ ਵਿੱਚ ਮੱਧ-ਆਮਦਨੀ ਵਾਲੇ ਲੋਕਾਂ ਲਈ ਨਵੇਂ ਘਰਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਂਦਾ ਹੈ। ਛੇ ਪ੍ਰੋਜੈਕਟਾਂ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ। ਸਾਲ 2025-26 ਵਿੱਚ 11 ਹੋਰ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਦੇ ਨਤੀਜੇ ਵਜੋਂ ਐਬਟਸਫੋਰਡ, ਕੋਵੀਚਨ ਨੇਸ਼ਨ/ਡੰਕਨ, ਫਰਨੀ, ਗਿੱਬਸਨਜ਼, ਲੇਕ ਬੈਬੀਨ ਫਰਸਟ ਨੇਸ਼ਨ, ਨੌਰਥ ਵੈਨਕੂਵਰ, ਪ੍ਰਿੰਸ ਰੂਪਰਟ, Tsawout ਫਰਸਟ ਨੇਸ਼ਨ ਅਤੇ ਵ੍ਹਿਸਲਰ ਵਰਗੇ ਭਾਈਚਾਰਿਆਂ ਵਿੱਚ ਮੱਧ-ਆਮਦਨੀ ਵਾਲੇ ਲੋਕਾਂ ਲਈ ਲਗਭਗ 1,400 ਕਿਰਾਏ ਦੇ ਯੂਨਿਟ ਉਪਲਬਧ ਹੋਣਗੇ।

ਬੱਜਟ 2025 ਤਿੰਨ ਸਾਲਾਂ ਵਿੱਚ ‘ਬੀ ਸੀ ਬਿਲਡਜ਼’ ਵਿੱਚ $318 ਮਿਲੀਅਨ ਦੇ ਵਧੇਰੇ ਨਿਵੇਸ਼ ਨਾਲ ਚੱਲ ਰਹੇ ਕੰਮ ਨੂੰ ਅੱਗੇ ਵਧਾਉਂਦਾ ਹੈ। ਇਹ ਨਵੀਂ ਫੰਡਿੰਗ ਵਧੇਰੇ ਘਰ ਉਪਲਬਧ ਕਰਵਾਏਗੀ ਅਤੇ ਮੱਧ-ਆਮਦਨੀ ਵਾਲੇ ਲੋਕਾਂ ਲਈ ਹਜ਼ਾਰਾਂ ਹੋਰ ਕਿਰਾਏ ਦੇ ਯੂਨਿਟ ਉਪਲਬਧ ਕਰਵਾਉਣ ਦੇ ਸੂਬੇ ਦੇ ਟੀਚੇ ਵਿੱਚ ਯੋਗਦਾਨ ਪਾਏਗੀ।

ਸਪੈਕਿਊਲੇਸ਼ਨ ਐਂਡ ਵੇਕੈਂਸੀ ਟੈਕਸ

ਵਧੇਰੇ ਘਰ ਉਪਲਬਧ ਕਰਵਾਉਣ ਅਤੇ ਰੈਜ਼ਿਡੈਂਸ਼ੀਅਲ ਪ੍ਰੌਪਰਟੀਆਂ ਨੂੰ ਨਿਵੇਸ਼ ਦੇ ਮਕਸਦ ਦੀ ਬਜਾਏ, ਰਹਿਣ ਲਈ ਘਰਾਂ ਵਜੋਂ ਵਰਤਣ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ, ਬੱਜਟ 2025 ‘ਸਪੈਕਿਊਲੇਸ਼ਨ ਐਂਡ ਵੇਕੈਂਸੀ ਟੈਕਸ’ (speculation and vacancy tax) ਰੇਟਾਂ ਨੂੰ ਵਧਾ ਰਿਹਾ ਹੈ। ਵਿਦੇਸ਼ੀ ਮਕਾਨ-ਮਾਲਕਾਂ ਅਤੇ ਵਿਸ਼ਵ ਭਰ ਦੇ ਉਹ ਮਕਾਨ-ਮਾਲਕ, ਜਿਨ੍ਹਾਂ ਨੂੰ ਕਦੇ ਟੈਕਸ ਨਹੀਂ ਦੇਣਾ ਪਿਆ, ਲਈ ਰੇਟ ਉਨ੍ਹਾਂ ਦੇ ਘਰ ਦੇ ਮੁੱਲ ਦੇ 2% ਹਿੱਸੇ ਤੋਂ ਵੱਧ ਕੇ 3%, ਅਤੇ ਕਨੇਡੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ (permanent residents) ਲਈ 0.5% ਤੋਂ ਵੱਧ ਕੇ 1% ਹੋ ਰਿਹਾ ਹੈ।

ਇਹ ਵਾਧਾ 1 ਜਨਵਰੀ, 2026 ਤੋਂ ਲਾਗੂ ਹੋਵੇਗਾ ਅਤੇ ਸਾਲ 2027-28 ਵਿੱਚ ਅਨੁਮਾਨਤ $47 ਮਿਲੀਅਨ ਦਾ ਹੋਰ ਮਾਲੀਆ ਪੈਦਾ ਕਰੇਗਾ। ਇਸ ਰਕਮ ਦੀ ਵਰਤੋਂ ਉਨ੍ਹਾਂ 59 ਖੇਤਰਾਂ ਦੀ ਹਾਊਸਿੰਗ ਵਿੱਚ ਵਾਪਸ ਨਿਵੇਸ਼ ਦੇ ਤੌਰ ‘ਤੇ ਕੀਤੀ ਜਾਵੇਗੀ ਜਿੱਥੇ ਇਹ ਟੈਕਸ ਲਾਗੂ ਹੁੰਦਾ ਹੈ।

ਇਹ ਹੋਮ-ਫਲਿਪਿੰਗ ਟੈਕਸ ਅਤੇ ਵਿਦੇਸ਼ੀ ਮਾਲਕਾਂ ਲਈ ਟੈਕਸ ਦੇ ਨਾਲ-ਨਾਲ ਇੱਕ ਹੋਰ ਉਪਾਅ ਹੈ ਜਿਸ ਨਾਲ ਸੱਟੇਬਾਜ਼ਾਂ ਦੁਆਰਾ ਕੀਮਤਾਂ ਵਿਚ ਕੀਤੇ ਜਾਣ ਵਾਲੇ ਵਾਧੇ ਨੂੰ ਰੋਕਿਆ ਜਾ ਸਕੇਗਾ।

ਘੱਟ ਆਮਦਨੀ ਵਾਲੇ ਬਜ਼ੁਰਗਾਂ ਅਤੇ ਪਰਿਵਾਰਾਂ ਲਈ ਸਹਾਇਤਾ

ਬੱਜਟ 2025 ਸਹਾਇਤਾ ਵਿੱਚ ਵਾਧਾ ਕਰਦਾ ਹੈ ਅਤੇ ਘੱਟ ਆਮਦਨੀ ਵਾਲੇ ਪਰਿਵਾਰਾਂ ਅਤੇ ਬਜ਼ੁਰਗਾਂ ਦੀ ਕਿਰਾਏ ਦੇ ਘਰਾਂ ਨਾਲ ਸੰਬੰਧਤ ਖ਼ਰਚਿਆਂ ਵਿੱਚ ਮਦਦ ਕਰਦਾ ਹੈ।

ਬੱਜਟ 2025 ਦੇ ਨਵੇਂ ਨਿਵੇਸ਼, ਮਹੀਨਾਵਾਰ ਮਿਲਣ ਵਾਲੀ ਸਹਾਇਤਾ ਨੂੰ ਵਧਾਉਂਦੇ ਹਨ ਅਤੇ ‘ਰੈਂਟਲ ਅਸਿਸਟੈਂਸ ਪ੍ਰੋਗਰਾਮ’ (Rental Assistance Program) ਰਾਹੀਂ ਸਹਾਇਤਾ ਲਈ ਯੋਗ ਘੱਟ ਆਮਦਨੀ ਵਾਲੇ ਕੰਮਕਾਜੀ ਪਰਿਵਾਰਾਂ ਦੀ ਗਿਣਤੀ ਨੂੰ ਲਗਭਗ ਦੁੱਗਣਾ ਕਰਦੇ ਹਨ। ਪ੍ਰੋਗਰਾਮ ਲਈ ਆਮਦਨੀ ਦੀ ਸੀਮਾ ਨੂੰ $40,000 ਤੋਂ ਵਧਾ ਕੇ $60,000 ਕਰਨ ਨਾਲ, ਲਗਭਗ 6,000 ਪਰਿਵਾਰ ਪ੍ਰੋਗਰਾਮ ਲਈ ਯੋਗ ਹੋਣਗੇ, ਜੋ 3,200 ਦੇ ਪਿਛਲੇ ਅੰਕੜੇ ਤੋਂ ਵੱਧ ਹਨ। ਪਰਿਵਾਰਾਂ ਨੂੰ ਮਿਲਣ ਵਾਲੇ ਔਸਤ ਸਪਲੀਮੈਂਟ ਦੀ ਰਕਮ ਪ੍ਰਤੀ ਮਹੀਨਾ $400 ਤੋਂ ਵੱਧ ਕੇ $700 ਹੋ ਜਾਵੇਗੀ।

ਬੱਜਟ 2025 ਦੀ ਆਮਦਨੀ ਦੀ ਸੀਮਾ ਨੂੰ $37,240 ਤੋਂ ਵਧਾ ਕੇ $40,00 ਕਰਨ ਦੇ ਨਾਲ, 1,600 ਤੱਕ ਹੋਰ ਬਜ਼ੁਰਗਾਂ ਨੂੰ ‘ਬਜ਼ੁਰਗ ਕਿਰਾਏਦਾਰਾਂ ਲਈ ਸ਼ੈਲਟਰ ਸਹਾਇਤਾ’ (Shelter Aid for Elderly Renters, SAFER) ਪ੍ਰੋਗਰਾਮ ਦਾ ਲਾਭ ਮਿਲੇਗਾ। ਬਜ਼ੁਰਗਾਂ ਨੂੰ ਮਿਲਣ ਵਾਲੇ ਸਪਲੀਮੈਂਟ ਦੀ ਔਸਤ ਰਕਮ $261 ਤੋਂ ਵੱਧ ਕੇ $337 ਹੋ ਜਾਵੇਗੀ, ਜੋ ਕਿ 30% ਦਾ ਵਾਧਾ ਹੈ।

ICBC ਰਿਬੇਟ

ਉੱਚ ਲਾਗਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਅਤੇ ਕਾਰੋਬਾਰਾਂ ਦੀ ਮਦਦ ਲਈ, ਬੱਜਟ 2025 $110 ਦੀ ਇੱਕ ਵਾਰ ਦੀ ਰਾਹਤ ਰਿਬੇਟ ਦਿੰਦਾ ਹੈ। ਇਸ ਰਿਬੇਟ ਨਾਲ ਪਰਸਨਲ ਅਤੇ ਕਮਰਸ਼ੀਅਲ ਪੌਲਿਸੀ ਧਾਰਕਾਂ ਨੂੰ ਕੁੱਲ ਮਿਲਾ ਕੇ $410 ਮਿਲੀਅਨ ਵਾਪਸ ਮਿਲਣ ਦੀ ਉਮੀਦ ਹੈ।

ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ

‘ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ’ (Climate Action Tax Credit) ਘੱਟ ਆਮਦਨੀ ਵਾਲੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਮਦਦ ਕਰਨਾ ਜਾਰੀ ਰੱਖੇਗਾ, ਜਦ ਕਿ ਨੈਸ਼ਨਲ ਕਾਰਬਨ ਟੈਕਸ ਲਾਗੂ ਰਹਿਣਾ ਜਾਰੀ ਰਹੇਗਾ। ਫੈਡਰਲ ਤੌਰ 'ਤੇ ਲੋੜੀਂਦੇ 1 ਅਪ੍ਰੈਲ, 2025 ਤੱਕ ਦੇ ਕਾਰਬਨ ਟੈਕਸ ਵਾਧੇ ਤੋਂ ਆਉਣ ਵਾਲਾ ਵਧੇਰੇ ਮਾਲੀਆ, ਟੈਕਸ ਕ੍ਰੈਡਿਟ ਰਾਹੀਂ ਲੋਕਾਂ ਨੂੰ ਵਾਪਸ ਮਿਲਣਾ ਜਾਰੀ ਰਹੇਗਾ। ਜੇਕਰ ਫੈਡਰਲ ਸਰਕਾਰ ਕੈਨੇਡਾ ਭਰ ਵਿੱਚ ਕਾਰਬਨ ਪ੍ਰਾਈਸਿੰਗ ਦੀ ਲੋੜ ਨੂੰ ਹਟਾ ਦਿੰਦੀ ਹੈ ਤਾਂ ਸੂਬਾ ‘ਕੰਜ਼ਿਊਮਰ ਕਾਰਬਨ ਟੈਕਸ’ ਨੂੰ ਹਟਾਉਣ ਲਈ ਵਚਨਬੱਧ ਹੈ।

ਲੋਕਾਂ ਲਈ ਛੇਤੀ ਘਰ ਉਪਲਬਧ ਕਰਵਾਉਣ ਬਾਰੇ ਜਾਣੋ ਰਹਿਣ-ਸਹਿਣ ਦੇ ਖ਼ਰਚਿਆਂ ਬਾਰੇ ਜਾਣੋ

ਭਾਈਚਾਰਿਆਂ ਨੂੰ ਵਧੇਰੇ ਮਜ਼ਬੂਤ ਅਤੇ ਸੁਰੱਖਿਅਤ ਬਣਾਉਣਾ

ਬੀ.ਸੀ. ਵਿੱਚ ਹਰ ਕੋਈ ਨਿਆਂ ਤੱਕ ਸਮੇਂ ਸਿਰ ਪਹੁੰਚ ਕਰਨ ਵਾਲੇ ਇੱਕ ਸੁਰੱਖਿਅਤ ਅਤੇ ਘਰ ਕਹਿਣ-ਯੋਗ ਭਾਈਚਾਰੇ ਦਾ ਹੱਕਦਾਰ ਹੈ। ਬੱਜਟ 2025 ਵਿੱਚ ਆਊਟਡੋਰ (ਬਾਹਰ) ਰਹਿਣ ਵਾਲੇ ਲੋਕਾਂ ਲਈ ਰਿਹਾਇਸ਼ਾਂ ਦੇ ਵਿਕਲਪ ਪ੍ਰਦਾਨ ਕਰਨ ਅਤੇ ‘ਇਨਕੈਂਪਮੈਂਟਸ’ (ਰਹਿਣ ਲਈ ਕੈਂਪਾਂ ਦੀ ਵਰਤੋਂ) ਦੀ ਸਮੱਸਿਆ ਨੂੰ ਹੱਲ ਕਰਨ, ਡਕੈਤੀ, ‘ਸ਼ੌਪਲਿਫ਼ਟਿੰਗ’ (ਦੁਕਾਨਾਂ ਤੋਂ ਚੋਰੀ ਚੀਜ਼ਾਂ ਚੁੱਕਣਾ) ਅਤੇ ਪ੍ਰੌਪਰਟੀ ਸੰਬੰਧਤ ਹੋਰ ਅਪਰਾਧਾਂ ਬਾਰੇ ਜਨਤਕ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨ, ਅਪਰਾਧ ਨਾਲ ਨਜਿੱਠਣ ਲਈ ਕਨੂੰਨ ਲਾਗੂ ਕਰਨ ਵਾਲਿਆਂ ਨੂੰ ਵਧੇਰੇ ਸਰੋਤ ਪ੍ਰਦਾਨ ਕਰਨ, ਅਤੇ ਨਿਆਂ ਤੱਕ ਸਮੇਂ ਸਿਰ ਪਹੁੰਚ ਨੂੰ ਯਕੀਨੀ ਬਣਾਉਣ ਅਤੇ ਹੋਰ ਜਨਤਕ ਸੁਰੱਖਿਆ ਪ੍ਰੋਗਰਾਮਾਂ ਲਈ ਸਹਿਯੋਗ ਜਾਰੀ ਰੱਖਣ ਲਈ ਕਨੂੰਨੀ ਪ੍ਰਣਾਲੀ ਵਿੱਚ ਸਮਰੱਥਾ ਵਧਾਉਣ ਲਈ ਤਿੰਨ ਸਾਲਾਂ ਵਿੱਚ ਨਵੀਂ ਫੰਡਿੰਗ ਰਾਹੀਂ $325 ਮਿਲੀਅਨ ਦਾ ਨਿਵੇਸ਼ ਕੀਤਾ ਗਿਆ ਹੈ।

‘ਇਨਕੈਂਪਮੈਂਟਸ’ ਨੂੰ ਹਟਾਉਣਾ ਅਤੇ ਜੋਖਮ ਪ੍ਰਤੀ ਸਭ ਤੋਂ ਕਮਜ਼ੋਰ ਲੋਕਾਂ ਦੀ ਸਹਾਇਤਾ ਕਰਨਾ

ਬੱਜਟ 2025 ਨਵੇਂ ਭਾਈਚਾਰਿਆਂ ਵਿੱਚ HEART (Homeless Encampment Action Response Team) ਅਤੇ HEARTH (Homeless Encampment Action Response Temporary Housing) ਪ੍ਰੋਗਰਾਮਾਂ ਦਾ ਵਿਸਤਾਰ ਕਰਨ ਲਈ ਤਿੰਨ ਸਾਲਾਂ ਵਿੱਚ $90 ਮਿਲੀਅਨ ਦੀ ਹੋਰ ਫੰਡਿੰਗ ਪ੍ਰਦਾਨ ਕਰ ਰਿਹਾ ਹੈ।

ਇਹ ਪ੍ਰੋਗਰਾਮ ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼, ਗੈਰ-ਮੁਨਾਫਾ ਸੰਸਥਾਵਾਂ ਅਤੇ ਸਿਹਤ-ਸੰਭਾਲ ਪ੍ਰਦਾਨ ਕਰਨ ਵਾਲਿਆਂ ਨਾਲ ਕੰਮ ਕਰਦੇ ਹਨ ਤਾਂ ਜੋ ਆਊਟਡੋਰ (ਬਾਹਰ) ਅਤੇ ਇਨਕੈਂਪਮੈਂਟਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਹਾਇਤਾ ਸੇਵਾਵਾਂ, ਪਨਾਹ ਅਤੇ ਰਿਹਾਇਸ਼ੀ ਵਿਕਲਪਾਂ ਨਾਲ ਜੋੜਿਆ ਜਾ ਸਕੇ, ਤਾਂ ਜੋ ਉਨ੍ਹਾਂ ਨੂੰ ਅੰਦਰ ਪਨਾਹ ਦਿੱਤੀ ਜਾ ਸਕੇ ਅਤੇ ਇਨਕੈਂਪਮੈਂਟਾਂ ਨੂੰ ਹਟਾਇਆ ਜਾ ਸਕੇ।

ਸਾਲ 2023 ਤੋਂ ਲੈ ਕੇ ਹੁਣ ਤੱਕ, ‘ਬੀ ਸੀ ਹਾਊਸਿੰਗ’ ਨੇ ਕੁੱਲ 611 ਅਸਥਾਈ ਸਹਾਇਕ ਘਰਾਂ ਜਾਂ ਸ਼ੈਲਟਰ ਬੈੱਡਾਂ ਲਈ, ਸੂਬੇ ਭਰ ਵਿੱਚ 15 HEARTH ਸਾਈਟਾਂ ਖੋਲ੍ਹਣ ਲਈ 10 ਮਿਊਂਨਿਸਿਪੈਲਿਟੀਆਂ ਨਾਲ ਭਾਈਵਾਲੀ ਕੀਤੀ ਹੈ। ਇਸ ਵਿੱਚ ਐਬਟਸਫੋਰਡ, ਕੈਂਪਬੈਲ ਰਿਵਰ, ਚਿਲੀਵੈਕ, ਡੰਕਨ, ਕੈਮਲੂਪਸ, ਕਲੋਨਾ, ਨਨਾਇਮੋ, ਪ੍ਰਿੰਸ ਜੌਰਜ, ਵੈਨਕੂਵਰ ਅਤੇ ਵਿਕਟੋਰੀਆ ਦੀਆਂ ਸਾਈਟਾਂ ਸ਼ਾਮਲ ਹਨ।

ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣਾ

ਬੱਜਟ 2025 ਨਿਆਂ ਅਤੇ ਜਨਤਕ ਸੁਰੱਖਿਆ ਪ੍ਰੋਗਰਾਮਾਂ ਰਾਹੀਂ ਲੋਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਨਵੇਂ ਨਿਵੇਸ਼ਾਂ ਵਿੱਚ $235 ਮਿਲੀਅਨ ਪ੍ਰਦਾਨ ਕਰ ਰਿਹਾ ਹੈ।

ਨਵੀਂ ਫੰਡਿੰਗ ਦੇ $24 ਮਿਲੀਅਨ, ਨਿਆਂ ਤੱਕ ਸਮੇਂ ਸਿਰ ਪਹੁੰਚ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨਗੇ, ਜਿਸ ਵਿੱਚ ਬੀ.ਸੀ. ਸੁਪਰੀਮ ਕੋਰਟ ਦੀ ਸਮਰੱਥਾ ਵਧਾਉਣਾ, ਅਤੇ ਵੈਨਕੂਵਰ ਵਿੱਚ 222 Main Street ਵਿਖੇ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਸੁਰੱਖਿਆ ਵਧਾਉਣਾ ਸ਼ਾਮਲ ਹੈ। ਇਹ ਵਰਚੁਅਲ ਜ਼ਮਾਨਤ ਦੇ ਵਿਸਤਾਰ ਨੂੰ ਵੀ ਜਾਰੀ ਰੱਖੇਗਾ, ਜਿਸ ਨਾਲ ਨਿਆਂ ਅਤੇ ਭਾਈਚਾਰਕ ਸੁਰੱਖਿਆ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ।

ਬੱਜਟ 2025 ਪੀੜਤਾਂ, ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਗਵਾਹਾਂ ਦੀ ਸਹਾਇਤਾ ਲਈ, ਤਿੰਨ ਸਾਲਾਂ ਵਿੱਚ $15 ਮਿਲੀਅਨ ਦੀ ਨਵੀਂ ਫੰਡਿੰਗ ਪ੍ਰਦਾਨ ਕਰਦਾ ਹੈ, ਅਤੇ ਨਾਲ ਹੀ ਬੀ ਸੀ ਕੋਰੋਨਰਜ਼ ਸਰਵਿਸ (BC Coroners Service), ਬੀ ਸੀ ਕਰੈਕਸ਼ਨਜ਼ (BC Corrections) ਅਧੀਨ ਇਲੈਕਟ੍ਰੌਨਿਕ ਨਿਗਰਾਨੀ ਅਤੇ ਅੱਗ ਦੀਆਂ ਜਾਂਚਾਂ (fire inspections) ਵਿੱਚ ਵਾਧੇ ਲਈ $24 ਮਿਲੀਅਨ ਪ੍ਰਦਾਨ ਕਰਦਾ ਹੈ।

ਕਨੂੰਨ ਲਾਗੂਕਰਨ ਅਤੇ ਵਧੇਰੇ ਅਧਿਕਾਰੀਆਂ ਨੂੰ ਸਿਖਲਾਈ ਦੇਣ ਲਈ ਸਰੋਤ ਪ੍ਰਦਾਨ ਕਰਨਾ

ਤਿੰਨ ਸਾਲਾਂ ਵਿੱਚ $67 ਮਿਲੀਅਨ ਦੀ ਵਧੇਰੇ ਫੰਡਿੰਗ, ਭਾਈਚਾਰਕ ਸੁਰੱਖਿਆ ਪ੍ਰੋਗਰਾਮਾਂ ਵੱਲ ਜਾਵੇਗੀ, ਜਿਸ ਵਿੱਚ ਇੱਕ ਨਵਾਂ ‘ਕਮਿਊਨਿਟੀ ਸੇਫ਼ਟੀ ਐਂਡ ਟਾਰਗੈਟਿਡ ਇਨਫੋਰਸਮੈਂਟ ਪ੍ਰੋਗਰਾਮ’ (Community Safety and Targeted Enforcement Program) ਪਾਇਲਟ ਸ਼ਾਮਲ ਹੈ ਜੋ ਡਕੈਤੀ, ‘ਸ਼ੌਪਲਿਫ਼ਟਿੰਗ’ ਅਤੇ ਪ੍ਰੌਪਰਟੀ ਸੰਬੰਧਤ ਹੋਰ ਅਪਰਾਧਾਂ ਨੂੰ ਨਿਸ਼ਾਨਾ ਬਣਾਏਗਾ। ਇਹ ਪ੍ਰੋਗਰਾਮ, ਪੁਲਿਸ ਨੂੰ ਸੜਕਾਂ ‘ਤੇ ਅਵਿਵਸਥਾ ਨਾਲ ਨਜਿੱਠਣ ਲਈ ਸਾਧਨ ਪ੍ਰਦਾਨ ਕਰੇਗਾ ਅਤੇ ਬੀ.ਸੀ. ਭਰ ਦੇ ਭਾਈਚਾਰਿਆਂ ਵਿੱਚ ਡਾਊਨਟਾਊਨ ਅਤੇ ਵਪਾਰਕ ਖੇਤਰਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਯੋਗਦਾਨ ਪਾਏਗਾ।

ਸੂਬਾ ‘ਦੁਹਰਾਊ ਹਿੰਸਕ ਅਪਰਾਧ ਲਈ ਦਖਲਅੰਦਾਜ਼ੀ ਸੰਬੰਧੀ ਪਹਿਲਕਦਮੀ’ (Repeat Violent Offending Intervention Initiative) ਪ੍ਰੋਗਰਾਮ ਅਤੇ ‘ਵਿਸ਼ੇਸ਼ ਜਾਂਚ ਅਤੇ ਟੀਚਾਬੱਧ ਲਾਗੂਕਰਨ’ (Special Investigation and Targeted Enforcement, SITE) ਪ੍ਰੋਗਰਾਮ ਵਿੱਚ ਨਿਵੇਸ਼ ਕਰਨਾ ਜਾਰੀ ਰੱਖੇਗਾ। ਇਹ ਪ੍ਰੋਗਰਾਮ ਹਿੰਸਕ ਅਪਰਾਧ ਦੁਹਰਾਉਣ ਵਾਲੇ ਅਪਰਾਧੀਆਂ ਨਾਲ ਨਜਿੱਠਣ ਲਈ ਪੁਲਿਸ, ਵਕੀਲਾਂ ਅਤੇ ਪ੍ਰੋਬੇਸ਼ਨ ਅਫਸਰਾਂ ਤੋਂ ਬਣੀਆਂ ਤਾਲਮੇਲ ਵਾਲੀਆਂ ਪ੍ਰਤੀਕਿਰਿਆ ਟੀਮਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੇ ਹਨ।

ਬੱਜਟ 2025 ‘ਜਸਟਿਸ ਇੰਸਟੀਚਿਊਟ ਔਫ ਬੀ.ਸੀ.’ (Justice Institute of B.C.) ਲਈ ਨਵੀਂ ਫੰਡਿੰਗ ਦੇ ਰਿਹਾ ਹੈ ਜਿਸ ਨਾਲ ਪੁਲਿਸ ਅਕੈਡਮੀ ਦੀ ਸਿਖਲਾਈ ਸਮਰੱਥਾ ਨੂੰ ਪ੍ਰਤੀ ਸਾਲ 192 ਤੋਂ 288 ਅਫ਼ਸਰਾਂ ਤੱਕ ਵਧਾਇਆ ਜਾਏਗਾ।

ਤਿੰਨ ਸਾਲਾਂ ਵਿੱਚ $104 ਮਿਲੀਅਨ ਦੀ ਵਧੇਰੇ ਫੰਡਿੰਗ, ਪੁਲਿਸਿੰਗ ਪ੍ਰੋਗਰਾਮਾਂ ਲਈ, ਜਿਸ ਵਿੱਚ ਫਰਸਟ ਨੇਸ਼ਨਜ਼ ਅਤੇ ਇਨੂਇਟ ਪੁਲਿਸਿੰਗ ਪ੍ਰੋਗਰਾਮ ਸ਼ਾਮਲ ਹਨ, ਅਤੇ ਸੂਬਾਈ RCMP ਡਿਟੈਚਮੈਂਟਸ ਲਈ ਗੱਲਬਾਤ ਕਰਕੇ ਕੀਤੇ ਤਨਖਾਹ ਵਾਧੇ ਲਈ ਵਰਤੀ ਜਾਵੇਗੀ। ਇਹ ਪਾਰਦਰਸ਼ਤਾ ਅਤੇ ਜਵਾਬਦੇਹੀ ਵਿੱਚ ਸੁਧਾਰ ਕਰਨ ਲਈ 2024 ਵਿੱਚ ਸ਼ੁਰੂ ਕੀਤੇ ਗਏ ‘ਨੈਸ਼ਨਲ ਬੌਡੀ ਵੋਰਨ ਕੈਮਰਾ ਪ੍ਰੋਗਰਾਮ’ (National Body Worn Camera Program) ਨੂੰ ਵੀ ਸਹਿਯੋਗ ਦੇਵੇਗੀ।

ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਬਾਰੇ ਜਾਣੋ