ਵਿੱਤੀ ਯੋਜਨਾ 2025-26 ਤੋਂ 2027-28
ਬੱਜਟ 2025 ਬੀ.ਸੀ. ਦੀ ਆਰਥਿਕਤਾ ਵਿੱਚ ਵਾਧੇ ਨੂੰ ਸਹਿਯੋਗ ਦਿੰਦਾ ਹੈ, ਤਾਂ ਜੋ ਉਨ੍ਹਾਂ ਸੇਵਾਵਾਂ ਅਤੇ ਪ੍ਰੋਗਰਾਮਾਂ ਲਈ ਲੋੜੀਂਦਾ ਧੰਨ ਇਕੱਠਾ ਕੀਤਾ ਜਾ ਸਕੇ ਜਿਨ੍ਹਾਂ ‘ਤੇ ਲੋਕ ਨਿਰਭਰ ਹਨ। ਬੱਜਟ 2025 ਨਾਲ ਹੀ ਧਿਆਨ ਨਾਲ ਆਰਥਿਕ ਪ੍ਰਬੰਧ ਕਰਦੇ ਹੋਏ, ਬੀ.ਸੀ. ਦੀ ਵਿੱਤੀ ਨੀਂਹ ਨੂੰ ਵੀ ਮਜ਼ਬੂਤ ਕਰਦਾ ਹੈ।
ਬੱਜਟ ਸੂਬੇ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸੰਤੁਲਨ ਬਣਾਈ ਰੱਖਣ ਲਈ ਇੱਕ ਲੰਮੀ-ਮਿਆਦ ਦੀ ਯੋਜਨਾ ਵੱਲ ਪਹਿਲਾ ਕਦਮ ਚੁੱਕਦਾ ਹੈ, ਤਾਂ ਜੋ ਸਰਕਾਰ, ਸੇਵਾਵਾਂ ਨੂੰ ਸੁਰੱਖਿਅਤ ਕਰਦੇ ਹੋਏ, ਅਤੇ ਬੀ.ਸੀ. ਦੀ ਆਰਥਿਕਤਾ ਨੂੰ ਵਧਾਉਂਦੇ ਹੋਏ, ਬਦਲਦੀਆਂ ਜ਼ਰੂਰਤਾਂ ਨਾਲ ਨਜਿੱਠ ਸਕੇ।
ਇਹ ਯਕੀਨੀ ਬਣਾਉਣ ਲਈ ਕਿ ਫਰੰਟ-ਲਾਈਨ ਸੇਵਾਵਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਅਤੇ ਬੀ.ਸੀ. ਦਾ ਆਰਥਿਕ ਪ੍ਰਬੰਧਨ ਜ਼ੁੰਮੇਵਾਰੀ ਨਾਲ ਕੀਤਾ ਜਾ ਰਿਹਾ ਹੈ, ਸੂਬਾ ਸਾਰੇ ਮੌਜੂਦਾ ਪ੍ਰੋਗਰਾਮਾਂ ਦੀ ਸਮੀਖਿਆ ਕਰ ਰਿਹਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਉਹ ਢੁਕਵੇਂ ਅਤੇ ਕੁਸ਼ਲ ਤਰੀਕੇ ਨਾਲ ਚੱਲਦੇ ਰਹਿਣ; ਅਤੇ ਇਹ ਵੀ ਕਿ ਇਹ ਪ੍ਰੋਗਰਾਮ ਲਾਗਤਾਂ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ, ਅਤੇ ਆਰਥਿਕਤਾ ਵਿੱਚ ਵਾਧੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਭੂਮਿਕਾਵਾਂ ਨੂੰ ਛੱਡ ਕੇ, ਜੋ ਸੇਵਾਵਾਂ ਅਤੇ ਪ੍ਰੋਗਰਾਮਾਂ ਨੂੰ ਉਪਲਬਧ ਕਰਵਾਉਣ ਲਈ ਮਹੱਤਵਪੂਰਨ ਹਨ, ਸਰਕਾਰ ਸਫ਼ਰ, ਕੰਸਲਟਿੰਗ ਕੌਨਟ੍ਰੈਕਟ, ਕਾਰੋਬਾਰੀ ਖ਼ਰਚਿਆਂ ਅਤੇ ਨੌਕਰੀ ‘ਤੇ ਭਰਤੀ ਕਰਨ ‘ਤੇ ਰੋਕ ਲਗਾਉਣ ਰਾਹੀਂ ਗੈਰ-ਜ਼ਰੂਰੀ ਖ਼ਰਚਿਆਂ ਨੂੰ ਘਟਾ ਕੇ, ਕਾਰਜਾਂ ਅਤੇ ਪ੍ਰਸ਼ਾਸਨ ਨੂੰ ਵਧੇਰੇ ਕੁਸ਼ਲ ਬਣਾਉਣ ਦੇ ਤਰੀਕਿਆਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਉਪਾਵਾਂ ਦਾ ਉਦੇਸ਼ ਵਿੱਤੀ ਸਾਲ 2025-26 ਵਿੱਚ $300 ਮਿਲੀਅਨ ਅਤੇ ਵਿੱਤੀ ਸਾਲ 2026-27 ਅਤੇ 2027-28, ਹਰੇਕ ਵਿੱਚ $600 ਮਿਲੀਅਨ ਦੀ ਬਚਤ ਕਰਨਾ ਹੈ।
ਆਉਣ ਵਾਲੇ ਸਮੇਂ ਵਿੱਚ ਆਰਥਿਕਤਾ ਦਾ ਅਨੁਮਾਨਿਤ ਬਿਓਰਾ
ਟੈਰਿਫ਼ਾਂ ਦੀ ਗੈਰ-ਮੌਜੂਦਗੀ ਵਿੱਚ, ਬੀ.ਸੀ. ਵਿੱਚ ਸਧਾਰਨ ਆਰਥਿਕ ਵਿਕਾਸ ਦੇਖਣ ਨੂੰ ਮਿਲੇਗਾ। ਇਮੀਗ੍ਰੇਸ਼ਨ ਜਾਂ ਪ੍ਰਵਾਸ ਦੇ ਘਟਣ ਨਾਲ ਅਤੇ ਵਪਾਰ ਵਿੱਚ ਅਨਿਸ਼ਚਿਤਤਾ ਬਣੇ ਰਹਿਣ ਕਾਰਨ, ਸਾਲ 2025 ਵਿੱਚ ਅਸਲ ਜੀ.ਡੀ.ਪੀ (GDP) ਵਿੱਚ ਵਾਧਾ 1.8%, ਅਤੇ ਸਾਲ 2026 ਵਿੱਚ 1.9% ਰਹਿਣ ਦਾ ਅਨੁਮਾਨ ਹੈ; ਜਦੋਂ ਕਿ ਮਹਿੰਗਾਈ ਘਟਣਾ ਅਤੇ ਰਿਹਾਇਸ਼ਾਂ ਦੀ ਉਸਾਰੀ ਮਜ਼ਬੂਤ ਬਣੇ ਰਹਿਣਾ ਜਾਰੀ ਹੈ। ਦਰਮਿਆਨੀ ਮਿਆਦ (2027-2029) ਦੌਰਾਨ, ਆਰਥਿਕ ਵਿਕਾਸ ਵਿੱਚ ਸਲਾਨਾ ਔਸਤ ਵਿੱਚ 2.1% ਦਾ ਸੁਧਾਰ ਹੋਣ ਦੀ ਉਮੀਦ ਹੈ। ਇਸ ਸੁਧਾਰ ਨੂੰ ਟਿਕਾਊ ਨੌਕਰੀਆਂ ਅਤੇ ਭੁਗਤਾਨਾਂ ਵਿੱਚ ਵਾਧੇ, ਖਪਤਕਾਰਾਂ ਦੇ ਖ਼ਰਚਿਆਂ ਵਿੱਚ ਵਾਧੇ, ਅਤੇ ਲਿਕੁਇਡ ਨੈਚੁਰਲ ਗੈਸ ਉਤਪਾਦਨ ਦੁਆਰਾ ਸਮਰਥਿਤ ਉੱਚ ਨਿਰਯਾਤ ਤੋਂ ਸਹਿਯੋਗ ਮਿਲੇਗਾ। ਅਮਰੀਕੀ ਟੈਰਿਫ਼ ਆਉਣ ਵਾਲੇ ਸਮੇਂ ਵਿੱਚ ਆਰਥਿਕਤਾ ਦੇ ਅਨੁਮਾਨਿਤ ਬਿਓਰੇ ਲਈ ਇੱਕ ਬਹੁਤ ਵੱਡਾ ਜੋਖਮ ਪੈਦਾ ਕਰਦੇ ਹਨ।
ਆਉਣ ਵਾਲੇ ਸਮੇਂ ਵਿੱਚ ਬੱਜਟ ਦਾ ਅਨੁਮਾਨਿਤ ਬਿਓਰਾ
ਬੱਜਟ 2025, ਸਾਲ 2024-25 ਲਈ $9.1 ਬਿਲੀਅਨ ਦਾ ਅੱਪਡੇਟ ਕੀਤਾ ਘਾਟਾ ਦਰਸਾਉਂਦਾ ਹੈ, ਜੋ ‘ਪਤਝੜ 2024 ਦੀ ਆਰਥਿਕ ਅਤੇ ਵਿੱਤੀ ਅੱਪਡੇਟ’ (Fall 2024 Economic and Fiscal Update) ਦੇ ਅਨੁਮਾਨ ਨਾਲੋਂ $273 ਮਿਲੀਅਨ ਘੱਟ ਹੈ। ਇਹ ਸੁਧਾਰ ਮੁੱਖ ਤੌਰ 'ਤੇ ਉੱਚ ਕੌਰਪੋਰੇਟ ਇਨਕਮ ਟੈਕਸ ਮਾਲੀਆ ਅਤੇ ICBC ਨੈਟ ਆਮਦਨੀ ਦੇ ਕਾਰਨ ਹੈ; ਅਤੇ ਇਸ ਨੂੰ ਅੰਸ਼ਕ ਤੌਰ 'ਤੇ ਜ਼ਿਆਦਾ ਖ਼ਰਚੇ, ਜਿਸ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਅਤੇ ਸਟੈਚੁਟੋਰੀ ਅਥੌਰਿਟੀ ਦੁਆਰਾ ਫੰਡ ਪ੍ਰਾਪਤ ਲੌਂਗ-ਟਰਮ ਕੇਅਰ ਸ਼ਾਮਲ ਹੈ, ਦੁਆਰਾ ਸੰਤੁਲਿਤ ਕੀਤਾ ਜਾਂਦਾ ਹੈ।
ਬੱਜਟ 2025 ਵਿੱਚ ਤਿੰਨ ਸਾਲਾਂ ਦੀ ਵਿੱਤੀ ਯੋਜਨਾ ਦੀ ਮਿਆਦ ਦੌਰਾਨ ਹੇਠ ਲਿਖੇ ਲਗਾਤਾਰ ਘਟਦੇ ਘਾਟਿਆਂ ਦਾ ਅਨੁਮਾਨ ਲਗਾਇਆ ਗਿਆ ਹੈ:
- ਸਾਲ 2025-26 ਲਈ $10.9 ਬਿਲੀਅਨ
- ਸਾਲ 2026-27 ਲਈ $10.2 ਬਿਲੀਅਨ
- ਸਾਲ 2027-28 ਲਈ $9.9 ਬਿਲੀਅਨ
ਆਉਣ ਵਾਲੇ ਸਮੇਂ ਵਿੱਚ ਮਾਲੀਏ ਦਾ ਅਨੁਮਾਨਿਤ ਬਿਓਰਾ
ਸਾਲ 2025-26 ਵਿੱਚ ਸਰਕਾਰ ਦਾ ਕੁੱਲ ਮਾਲੀਆ $84 ਬਿਲੀਅਨ, 2026-27 ਵਿੱਚ $85.7 ਬਿਲੀਅਨ ਅਤੇ 2027-28 ਵਿੱਚ $88.2 ਬਿਲੀਅਨ ਹੋਣ ਦਾ ਅਨੁਮਾਨ ਹੈ। ਮਾਲੀਏ ਵਿੱਚ ਵਾਧਾ ਮੁੱਖ ਤੌਰ 'ਤੇ ਆਬਾਦੀ ਅਤੇ ਆਰਥਿਕ ਗਤੀਵਿਧੀਆਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੇ ਮਾਲੀਏ ਵਿੱਚ ਵਾਧੇ ਕਾਰਨ ਹੋਏ ਟੈਕਸ ਮਾਲੀਏ ਵਿੱਚ ਵਾਧੇ ਕਾਰਨ ਹੁੰਦਾ ਹੈ। ਆਰਥਿਕਤਾ ਦੇ ਬਿਓਰੇ ਦੇ ਨਾਲ ਇਕਸਾਰਤਾ ਵਿੱਚ, ਸਰਕਾਰ ਮਾਲੀਏ ਦੇ ਅਨੁਮਾਨਿਤ ਬਿਓਰੇ ਵਿੱਚ ਅਮਰੀਕੀ ਟੈਰਿਫ਼ ਦੇ ਖਤਰੇ ਨਾਲ ਜੁੜੀ ਵਪਾਰ-ਸੰਬੰਧਤ ਅਨਿਸ਼ਚਿਤਤਾ ਨੂੰ ਧਿਆਨ ਵਿੱਚ ਰੱਖਦੀ ਹੈ।
ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਅਨੁਮਾਨਿਤ ਖ਼ਰਚਿਆਂ ਦਾ ਬਿਓਰਾ
ਤਿੰਨ ਸਾਲਾਂ ਦੀ ਵਿੱਤੀ ਯੋਜਨਾ ਦੌਰਾਨ ਖ਼ਰਚੇ ਸਾਲ 2025-26 ਵਿੱਚ $94.9 ਬਿਲੀਅਨ, ਸਾਲ 2026-27 ਵਿੱਚ $95.9 ਬਿਲੀਅਨ ਅਤੇ ਸਾਲ 2027-28 ਵਿੱਚ $98 ਬਿਲੀਅਨ ਹੋਣ ਦਾ ਅਨੁਮਾਨ ਹੈ। ਨਿਵੇਸ਼ ਉਨ੍ਹਾਂ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਸਹਿਯੋਗ ਦੇਣ ਵਿੱਚ ਮਦਦ ਕਰਨਗੇ ਜਿਨ੍ਹਾਂ 'ਤੇ ਲੋਕ ਨਿਰਭਰ ਹਨ ਅਤੇ ਇਸ ਵਿੱਚ ਸਿਹਤ ਸੰਭਾਲ, ਮਾਨਸਿਕ ਸਿਹਤ ਅਤੇ ਨਸ਼ਾਖੋਰੀ, ਹਾਊਸਿੰਗ, ਜਨਤਕ ਸੁਰੱਖਿਆ, ਅਤੇ ਨਾਲ ਹੀ ਖ਼ਰਚਿਆਂ ਵਿੱਚ ਲੋਕਾਂ ਦੀ ਮਦਦ ਕਰਨਾ ਅਤੇ ਹੋਰ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਸ਼ਾਮਲ ਹੈ।
ਬੱਜਟ 2025 ਵਿੱਚ ਵਿੱਤੀ ਯੋਜਨਾ ਦੇ ਹਰ ਸਾਲ ਵਿੱਚ ਅਚਨਚੇਤ ਘਟਨਾਵਾਂ ਜਾਂ ਐਮਰਜੈਂਸੀਆਂ ਲਈ ਫੰਡ ਵਜੋਂ $4 ਬਿਲੀਅਨ ਰੱਖੇ ਗਏ ਹਨ। ਇਹ ਬੱਜਟ ਦੀ ਯੋਜਨਾ ਬਣਾਉਂਦੇ ਸਮੇਂ ਜ਼ਰੂਰੀ ਸੇਵਾਵਾਂ ਅਤੇ ਹੋਰ ਅਨਿਸ਼ਚਿਤ ਖ਼ਰਚਿਆਂ ਦੇ ਦਬਾਅ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਇਨ੍ਹਾਂ ਖ਼ਰਚਿਆਂ ਵਿੱਚ ਇੱਕ ਨਵੇਂ ਸਾਂਝੀ ਬਾਰਗੇਨਿੰਗ ਮੈਨਡੇਟ (ਉਸ ਪ੍ਰਕਿਰਿਆ ਲਈ ਮੈਨਡੇਟ ਜਿਸ ਵਿੱਚ ਕਾਮੇ, ਆਪਣੀਆਂ ਯੂਨੀਅਨਾਂ ਰਾਹੀਂ, ਆਪਣੇ ਰੁਜ਼ਗਾਰ ਦੀਆਂ ਸ਼ਰਤਾਂ ਨਿਰਧਾਰਤ ਕਰਨ ਲਈ ਆਪਣੇ ਮਾਲਕਾਂ ਨਾਲ ਇਕਰਾਰਨਾਮਿਆਂ 'ਤੇ ਗੱਲਬਾਤ ਕਰਦੇ ਹਨ) ਅਤੇ ਅਣਕਿਆਸੇ ਖ਼ਰਚਿਆਂ ਲਈ ਫੰਡਿੰਗ ਸ਼ਾਮਲ ਹੈ, ਜਿਵੇਂ ਕਿ ਸੰਭਾਵਿਤ ਟੈਰਿਫ਼ ਪ੍ਰਭਾਵਾਂ ਨਾਲ ਨਜਿੱਠਣਾ ।
ਪੂੰਜੀ ਨਿਵੇਸ਼
ਬੱਜਟ 2025 ਤਿੰਨ ਸਾਲਾਂ ਦੌਰਾਨ ਟੈਕਸ ਅਦਾ ਕਰਨ ਵਾਲਿਆਂ ਦੁਆਰਾ ਸਹਾਇਤਾ ਪ੍ਰਾਪਤ ਪੂੰਜੀ ਨਿਵੇਸ਼ਾਂ ਵਿੱਚ $45.9 ਬਿਲੀਅਨ ਦਾ ਨਿਵੇਸ਼ ਕਰਦਾ ਹੈ, ਜਿਸ ਵਿੱਚ ਟ੍ਰਾਂਜ਼ਿਟ ਅਤੇ ਢੋਆ-ਢੁਆਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ $15.9 ਬਿਲੀਅਨ, ਸਿਹਤ ਸੰਭਾਲ ਵਿੱਚ ਪੂੰਜੀ ਨਿਵੇਸ਼ਾਂ ਵਿੱਚ ਯੋਗਦਾਨ ਪਾਉਣ ਲਈ $15.5 ਬਿਲੀਅਨ, ਅਤੇ ਸਕੂਲਾਂ ਦੇ ਨਿਰਮਾਣ, ਨਵੀਨੀਕਰਨ ਅਤੇ ਭੂਚਾਲ-ਸੰਬੰਧੀ ਸੁਧਾਰ ਲਈ $4.6 ਬਿਲੀਅਨ ਸ਼ਾਮਲ ਹਨ।
ਪੂੰਜੀ ਯੋਜਨਾ ਬੀ.ਸੀ. ਭਰ ਦੇ ਭਾਈਚਾਰਿਆਂ ਵਿੱਚ ਤਿੰਨ ਸਾਲਾਂ ਦੌਰਾਨ ਸਿੱਧੇ ਅਤੇ ਅਸਿੱਧੇ ਤੌਰ ‘ਤੇ ਮਿਲਣ ਵਾਲੀਆਂ 180,000 ਨੌਕਰੀਆਂ ਵਿੱਚ ਯੋਗਦਾਨ ਪਾਉਂਦੀ ਹੈ।
ਕਰਜ਼ਾ ਬਰਦਾਸ਼ਤ ਕਰਨ ਦੀ ਹੱਦ
ਬੀ.ਸੀ. ਦੇ ਟੈਕਸ ਅਦਾ ਕਰਨ ਵਾਲਿਆਂ ਦੁਆਰਾ ਸਮਰਥਤ ਕਰਜ਼ਾ, ਸਾਲ 2024-25 ਦੇ ਅੰਤ ਤੱਕ $97.7 ਬਿਲੀਅਨ ਹੋਣ ਦਾ ਅਨੁਮਾਨ ਹੈ, ਜੋ ਬੱਜਟ 2024 ਦੇ ਅਨੁਮਾਨ ਨਾਲੋਂ $9.1 ਬਿਲੀਅਨ ਵੱਧ ਹੈ। ਇਹ ਵਾਧਾ ਸਾਲ 2023-24 ਤੋਂ ਬਾਅਦ ਵਧੇ ਹੋਏ ‘ਓਪਨਿੰਗ ਬੈਲਅੰਸ’ (ਆਮਦਨੀ-ਖ਼ਰਚ ਦੇ ਚਿੱਠੇ ਵਿੱਚ ਸ਼ੁਰੂਆਤੀ ਰਕਮ), ਵਧੇ ਹੋਏ ਘਾਟੇ ਅਤੇ, ਅਤੇ ਸਾਲ 2025-26 ਦੀ ਸ਼ੁਰੂਆਤ ਵਿੱਚ ਫੰਡਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ ‘ਪ੍ਰੀ-ਬੌਰੋਇੰਗ’ (ਜ਼ਰੂਰਤ ਪੈਣ ਤੋਂ ਪਹਿਲਾਂ ਉਧਾਰ ਲੈਣ ‘ਤੇ ਹੋਣ ਵਾਲਾ ਖ਼ਰਚਾ) ਕਾਰਨ ਹੋਇਆ ਹੈ।
ਸੂਬੇ ਵੱਲੋਂ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਵਧੇਰੇ ਸਕੂਲਾਂ, ਹਸਪਤਾਲਾਂ, ਸੜਕਾਂ, ਪੁਲਾਂ, ਟ੍ਰਾਂਜ਼ਿਟ ਅਤੇ ਰਿਹਾਇਸ਼ਾਂ ਦੇ ਨਿਰਮਾਣ ਵਿੱਚ ਨਿਵੇਸ਼ ਜਾਰੀ ਰੱਖਣ ਦੇ ਨਾਲ, ਟੈਕਸ ਅਦਾ ਕਰਨ ਵਾਲਿਆਂ ਦੁਆਰਾ ਸਮਰਥਤ ਕਰਜ਼ੇ ਦੇ ਵਿੱਤੀ ਯੋਜਨਾ ਦੌਰਾਨ $68.8 ਬਿਲੀਅਨ ਤੱਕ ਵਧਣ ਦੀ ਉਮੀਦ ਹੈ।
ਕ੍ਰੈਡਿਟ ਰੇਟਿੰਗ ਏਜੰਸੀਆਂ ਦੁਆਰਾ ਵਰਤੇ ਜਾਣ ਵਾਲੇ ‘ਟੈਕਸ ਅਦਾ ਕਰਨ ਵਾਲਿਆਂ ਦੁਆਰਾ ਸਮਰਥਤ ਕਰਜ਼ੇ ਤੋਂ GDP ਅਨੁਪਾਤ’ (taxpayer-supported debt-to-GDP ratio) ਦਾ ਅਨੁਮਾਨ ਸਾਲ 2025-26 ਵਿੱਚ 26.7%, ਸਾਲ 2026-27 ਵਿੱਚ 30.9% ਅਤੇ ਸਾਲ 2027-28 ਵਿੱਚ 34.4% ਹੈ। ਬੀ.ਸੀ. ਦਾ ਕਰਜ਼ੇ ਤੋਂ GDP ਅਨੁਪਾਤ ਕੈਨੇਡਾ ਵਿੱਚ ਸਭ ਤੋਂ ਘੱਟ ਹੈ ਅਤੇ ਇਸ ਸਮੇਂ ਓਨਟੈਰੀਓ ਅਤੇ ਕਿਊਬੈਕ ਸਮੇਤ ਜ਼ਿਆਦਾਤਰ ਸੂਬਿਆਂ ਤੋਂ ਹੇਠਾਂ ਹੈ। ਬੀ.ਸੀ. ਦੀਆਂ ਕਰਜ਼ੇ ਲਈ ਘੱਟ ਸਰਵਿਸ ਲਾਗਤਾਂ ਹੋਰ ਅਧਿਕਾਰ ਖੇਤਰਾਂ ਦੇ ਮੁਕਾਬਲੇ ਘੱਟ ਪੱਧਰ 'ਤੇ ਰਹਿੰਦੀਆਂ ਹਨ।
ਭਵਿੱਖ ਦੇ ਬੱਜਟ, ਸਮੇਂ ਦੇ ਨਾਲ ਕਰਜ਼ੇ ਤੋਂ GDP ਨੂੰ ਸਥਿਰ ਕਰਨ 'ਤੇ ਧਿਆਨ ਕੇਂਦਰਿਤ ਕਰਨਗੇ, ਜਿਸ ਨਾਲ ਇਹ ਯਕੀਨੀ ਬਣਾਇਆ ਜਾਏਗਾ ਕਿ ਬੀ.ਸੀ. ਆਪਣੇ ਨਾਲ ਦੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਘੱਟ ਕਰਜ਼ੇ-ਤੋਂ-ਜੀ.ਡੀ.ਪੀ. ਅਨੁਪਾਤ ਨੂੰ ਬਰਕਰਾਰ ਰੱਖਣਾ ਜਾਰੀ ਰੱਖੇ।