a happy family making hearts with their hands

ਲੋਕਾਂ ਨੂੰ ਪਹਿਲ ਦੇਣ ਨਾਲ ਇੱਕ ਵਧੇਰੇ ਮਜ਼ਬੂਤ ਸਮਾਜ ਦਾ ਨਿਰਮਾਣ

ਲੋਕਾਂ ਨੂੰ ਪਹਿਲ ਦੇਣ ਨਾਲ ਇੱਕ ਵਧੇਰੇ ਮਜ਼ਬੂਤ ਸਮਾਜ ਦਾ ਨਿਰਮਾਣ

ਸਿਹਤ ਸੰਭਾਲ, ਬਾਲ ਸੰਭਾਲ ਅਤੇ ਰਿਹਾਇਸ਼ ਵਰਗੀਆਂ ਸੇਵਾਵਾਂ ਜਿਨ੍ਹਾਂ 'ਤੇ ਲੋਕ ਨਿਰਭਰ ਕਰਦੇ ਹਨ ਰਾਹੀਂ ਇਸ ਮਹਾਮਾਰੀ ਅਤੇ ਹਾਲੀਆ ਜਲਵਾਯੂ-ਸਬੰਧਤ ਆਫ਼ਤਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਦੀ ਮਦਦ ਕੀਤੀ ਗਈ ਹੈ। ਬਜਟ 2022 ਇਨ੍ਹਾਂ ਸ਼ਕਤੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਉਹ ਸਭ ਕੁਝ ਬਰਕਰਾਰ ਰੱਖਦਾ ਹੈ ਜੋ ਸਹੀ ਹੈ: ਲੋਕਾਂ ਨੂੰ ਪਹਿਲ ਦੇਣਾ।

childcare worker with children

ਕਿਫ਼ਾਇਤੀ, ਪਹੁੰਚਯੋਗ, ਗੁਣਵੱਤਾ ਪੂਰਣ ਬਾਲ ਸੰਭਾਲ

ਬਜਟ 2018 ਵਿੱਚ ਸ਼ੁਰੂ ਕੀਤੀ ਗਈ ਚਾਈਲਡ ਕੇਅਰ ਬੀ ਸੀ ਯੋਜਨਾ ਤੋਂ ਲੈ ਕੇ ਅਸੀਂ ਬਾਲ ਸੰਭਾਲ ਨੂੰ ਇੱਕ ਕੇਂਦਰੀ ਸੇਵਾ ਦੇ ਤੌਰ 'ਤੇ ਸਥਾਪਤ ਕਰਨ ਲਈ ਕੰਮ ਕਰਦੇ ਆ ਰਹੇ ਹਾਂ ਤਾਂ ਕਿ ਇਹ ਸੇਵਾ ਕਿਸੇ ਵੀ ਪਰਿਵਾਰ ਨੂੰ ਜਦੋਂ ਉਹ ਚਾਹੁਣ ਜਾਂ ਜਦੋਂ ਉਨ੍ਹਾਂ ਨੂੰ ਲੋੜ ਹੋਵੇ, ਤਾਂ ਉਨ੍ਹਾਂ ਨੂੰ ਇੱਕ ਅਜਿਹੀ ਕੀਮਤ ਤੇ ਉਪਲਬਧ ਹੋਵੇ ਜਿਸ ਨੂੰ ਉਹ ਬਰਦਾਸ਼ਤ ਕਰ ਸਕਣ।

ਹੋਰ ਥਾਂਵਾਂ:
ਬਜਟ 2018 ਤੋਂ ਲੈ ਕੇ ਜੋ ਵੀ ਨਿਵੇਸ਼ ਅਸੀਂ ਕੀਤੇ ਹਨ, ਉਨ੍ਹਾਂ ਰਾਹੀਂ ਪੂਰੇ ਸੂਬੇ ਵਿੱਚ 26,000 ਨਵੀਂਆਂ ਬਾਲ ਸੰਭਾਲ ਥਾਵਾਂ ਲਈ ਮਾਲੀ ਮਦਦ ਦਿੱਤੀ ਗਈ ਹੈ। ਹੁਣ ਅਸੀਂ ਉਨ੍ਹਾਂ ਨਿਵੇਸ਼ਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ। ਪਿਛਲੀ ਪੱਤਝੜ ਵਿੱਚ ਫ਼ੈਡਰਲ ਸਰਕਾਰ ਨਾਲ ਇੱਕ ਸਮਝੌਤੇ ਰਾਹੀਂ ਅਸੀਂ ਅਗਲੇ ਸੱਤ ਸਾਲਾਂ ਦੌਰਾਨ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ 40,000 ਨਵੀਆਂ ਲਾਇਸੈਂਸ ਸ਼ੁਦਾ ਬਾਲ ਸੰਭਾਲ ਥਾਵਾਂ ਬਣਾ ਰਹੇ ਹਾਂ। ਬਜਟ 2022 ਵਿੱਚ ਨਿਊ ਸਪੇਸਿਜ਼ ਫੰਡ ਰਾਹੀਂ ਸਕੂਲ ਦੇ ਸਮੇਂ ਤੋਂ ਪਹਿਲਾਂ ਅਤੇ ਬਾਦ ਵਿੱਚ ਹੋਰ ਵਧੇਰੇ ਥਾਵਾਂ ਲਈ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਸੀਮਲੈੱਸ ਡੇ ਪ੍ਰੋਗਰਾਮ ਮੁਹੱਈਆ ਕਰਾ ਰਹੇ ਸਕੂਲ ਡਿਸਟ੍ਰਿਕਟਾਂ ਦੀ ਗਿਣਤੀ 24 ਤੋਂ ਵਧਾ ਕੇ 44 ਕੀਤੀ ਜਾ ਰਹੀ ਹੈ।

ਘੱਟ ਫ਼ੀਸਾਂ:
ਬਜਟ 2022 ਰਾਹੀਂ ਮਾਪਿਆਂ ਨੂੰ ਸਾਡੀ $10/ਦਿਨ ਬਾਲ ਸੰਭਾਲ ਦੇ ਸਾਡੇ ਟੀਚੇ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਲਿਆਂਦਾ ਗਿਆ ਹੈ। ਨਵਜੰਮੇ ਅਤੇ ਛੋਟੇ ਬੱਚਿਆਂ ਦੀ ਪੂਰੇ ਦਿਨ ਦੀ ਦੇਖ-ਭਾਲ ਲਈ ਫ਼ੀਸਾਂ ਨੂੰ 50% ਤੱਕ ਘੱਟ ਕਰਕੇ 2022 ਦੇ ਅੰਤ ਤੱਕ ਅਸੀਂ ਤਕਰੀਬਨ $20 ਪ੍ਰਤੀ ਦਿਨ ਦੀ ਔਸਤ ਤੱਕ ਲਿਆ ਰਹੇ ਹਾਂ। ਬਜਟ 2022 ਰਾਹੀਂ ਪ੍ਰੀ-ਸਕੂਲ ਅਤੇ ਸਕੂਲ ਦੇ ਸਮੇਂ ਤੋਂ ਪਹਿਲਾਂ ਅਤੇ ਬਾਦ ਦੀ ਦੇਖ-ਭਾਲ ਨੂੰ 2023/24 ਦੇ ਸਕੂਲ ਵਰ੍ਹੇ ਲਈ $20 ਪ੍ਰਤੀ ਦਿਨ ਤੋਂ ਘਟਾ ਕੇ ਔਸਤ ਫ਼ੀਸ ਵਿੱਚ ਕਟੌਤੀ ਕਰਕੇ ਇਸ ਨਿਵੇਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।

ਗੁਣਵੱਤਾ ਪੂਰਣ ਦੇਖਭਾਲ:
ਸੂਬਾ ਸਰਕਾਰ ਬਾਲ ਸੰਭਾਲ ਕਾਰਜਬਲ ਵਿੱਚ ਵੀ ਨਿਵੇਸ਼ ਕਰ ਰਹੀ ਹੈ ਤਾਂ ਕਿ ਆਉਣ ਵਾਲੇ ਹਰ ਤਿੰਨ ਸਾਲਾਂ ਦੌਰਾਨ 130 ਅਤਿਰਿਕਤ ਅਰਲੀ ਚਾਇਲਡਹੁਡ ਐਜੂਕੇਟਰਾਂ ਨੂੰ ਸਿਖਲਾਈ ਦੇ ਕੇ ਅਤੇ ਈ ਸੀ ਈ ਉਜਰਤ ਵਿੱਚ ਵਾਧਿਆਂ ਦਾ ਦਾਇਰਾ ਹਜ਼ਾਰਾਂ ਹੋਰ ਕਾਮਿਆਂ ਤੱਕ ਵਧਾ ਕੇ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਲੋਕਾਂ ਨੂੰ ਵਧੀਆ ਸਿਖਲਾਈ ਮਿਲੀ ਹੋਵੇ ਅਤੇ ਮੁਨਾਸਬ ਮੁਆਵਜ਼ਾ ਮਿਲੇ।

nurse in scrubs and a mask

ਸਿਹਤ ਅਤੇ ਮਾਨਸਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ

ਸਰੀਰਕ ਅਤੇ ਮਾਨਸਕ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨੂੰ ਕੋਵਿਡ-19 ਮਹਾਮਾਰੀ ਤੋਂ ਸੁਰੱਖਿਅਤ ਰੱਖਣਾ ਸਾਡੀ ਸਭ ਤੋਂ ਵੱਡੀ ਤਰਜੀਹ ਰਹੇਗਾ। ਬਜਟ 2022 ਵਿੱਚ ਸਰੀਰਕ ਅਤੇ ਮਾਨਸਕ ਸਿਹਤ ਸੰਭਾਲ ਸੇਵਾਵਾਂ ਜਿਨ੍ਹਾਂ ਤੇ ਲੋਕ ਨਿਰਭਰ ਕਰਦੇ ਹਨ, ਵਿੱਚ ਸੁਧਾਰ ਕਰਨ ਲਈ ਨਿਵੇਸ਼ ਕੀਤਾ ਗਿਆ ਹੈ, ਜਿਸ ਵਿੱਚ ਅਜਿਹਾ ਕਰਨਾ ਸ਼ਾਮਲ ਹੈ:

  • ਪੂਰੇ ਸੂਬੇ ਵਿੱਚ ਨਵੇਂ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ ਬਣਾਉਣਾ।
  • 15 ਤੱਕ ਫ਼ਸਟ ਨੇਸ਼ਨਜ਼ ਪ੍ਰਾਇਮਰੀ ਹੈੱਲਥ ਕੇਅਰ ਸੈਂਟਰਾਂ ਨੂੰ ਮਦਦ ਦੇਣਾ।
  • ਉਪ੍ਰੇਸ਼ਨਾਂ ਅਤੇ ਡਾਇਗਨੌਸਟਿਕ ਇਮੇਜਿੰਗ ਲਈ ਉਡੀਕ ਦਾ ਸਮਾਂ ਘਟਾਉਣਾ।
  • ਹੋਰ ਜ਼ਿਆਦਾ ਪੈਰਾਮੈਡਿਕਸ ਅਤੇ ਡਿਸਪੈਚਰਾਂ ਦੀ ਭਰਤੀ ਕਰਕੇ ਐਮਰਜੈਂਸੀ ਕਾਰਵਾਈ ਦੇ ਸਮੇਂ ਵਿੱਚ ਤੇਜ਼ੀ ਲਿਆਉਣਾ।
  • ਪਾਥਵੇਅ ਟੂ ਹੋਪ ਵਿੱਚ ਨਿਵੇਸ਼ ਕਰਨਾ ਜਾਰੀ ਰੱਖਣਾ ਜਿਸ ਅਧੀਨ ਬਜਟ 2021 ਦੇ ਦੂਸਰੇ ਸਾਲ ਵਿੱਚ ਮਾਨਸਕ ਸਿਹਤ ਅਤੇ ਨਸ਼ਾਖ਼ੋਰੀ ਲਈ ਦੇਖਭਾਲ ਵਿੱਚ ਸੁਧਾਰ ਕਰਨ ਲਈ $500 ਮਿਲੀਅਨ ਦਾ ਨਿਵੇਸ਼ ਕਰਨਾ।

ਇਹ ਮਹਾਮਾਰੀ ਅੱਜ ਵੀ ਹਾਲੇ ਸਾਡੇ ਆਸ ਪਾਸ ਹੈ ਅਤੇ ਸਿਹਤ ਅਤੇ ਮਾਨਸਕ ਸਿਹਤ ਸੇਵਾਵਾਂ ਵਿੱਚ ਨਿਵੇਸ਼ ਕਰਨ ਦੇ ਨਾਲ ਨਾਲ, ਬਜਟ 2022 ਵਿੱਚ ਕੋਵਿਡ-19 ਵੈਕਸੀਨੇਸ਼ਨਾਂ ਲਈ, ਸਿਹਤ ਸੰਭਾਲ ਕਾਮਿਆਂ ਲਈ ਨਿਜੀ ਸੁਰੱਖਿਆ ਉਪਕਰਣਾਂ ਲਈ, ਲੌਂਗ ਟਰਮ ਕੇਅਰ ਅਤੇ ਅਸਿਸਟਿਡ ਲਿਵਿੰਗ ਸਹੂਲਤਾਂ ਦੇ ਖ਼ਤਰੇ ਅਧੀਨ ਵਸਨੀਕਾਂ ਲਈ ਕੋਵਿਡ-19 ਦੇ ਖ਼ਤਰੇ ਨੂੰ ਸੀਮਤ ਕਰਨ ਉੱਚ-ਪੱਧਰੀ ਉਪਾਅ ਕਰਨ ਲਈ, ਮੂਲਵਾਸੀ ਅਤੇ ਗ਼ੈਰ-ਮੂਲਵਾਸੀ ਭਾਈਚਾਰਿਆਂ ਲਈ ਮਾਨਸਕ ਸਿਹਤ ਸਾਧਨਾਂ ਵਿੱਚ ਵਾਧਾ ਕਰਨ ਲਈ, ਅਤੇ ਬੀ ਸੀ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਲਈ ਮਾਲੀ ਮਦਦ ਦੇਣਾ ਸ਼ਾਮਲ ਹੈ।

afforable housing building

ਬੇਘਰੀ ਦੀ ਰੋਕਥਾਮ ਅਤੇ ਉਸ ਪ੍ਰਤੀ ਕਾਰਵਾਈ

ਬੇਘਰੀ ਦੀ ਰੋਕਥਾਮ ਕਰਨਾ ਅਤੇ ਬੇਘਰੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਥਾਈ ਰਿਹਾਇਸ਼ਾਂ ਹਾਸਲ ਕਰਨ ਵਿੱਚ ਤੇਜ਼ੀ ਨਾਲ ਮਦਦ ਕਰਨ ਲਈ ਕਾਰਵਾਈ ਕਰਨਾ, ਇਨ੍ਹਾਂ ਦੋਹਾਂ ਚੀਜ਼ਾਂ ਲਈ ਇੱਕ ਨਵੀਂ ਅੰਤਰ-ਸਰਕਾਰ ਪਹੁੰਚ ਰਾਹੀਂ ਹਜ਼ਾਰਾਂ ਲੋਕਾਂ ਨੂੰ ਲਾਭ ਹੋਵੇਗਾ। ਇੱਕ ਪ੍ਰਤੀਕਿਰਿਆਸ਼ੀਲ ਪਹੁੰਚ ਤੋਂ ਇਕ ਅਗੇਤਰੀ ਕਿਰਿਆਸ਼ੀਲ ਪਹੁੰਚ ਵੱਲ ਤਬਦੀਲ ਹੋ ਕੇ ਅਸੀਂ ਸੇਵਾਵਾਂ ਦਾ ਵਿਸਤਾਰ ਅਤੇ ਉਨ੍ਹਾਂ ਤਰੀਕਿਆਂ ਵਿੱਚ ਸੁਧਾਰ ਕਰ ਰਹੇ ਹਾਂ ਜਿਨ੍ਹਾਂ ਰਾਹੀਂ ਅਸੀਂ ਬੇਘਰੀ ਦੀ ਰੋਕਥਾਮ ਕਰਦੇ ਹਾਂ ਅਤੇ ਉਸ ਪ੍ਰਤੀ ਕਾਰਵਾਈ ਕਰਦੇ ਹਾਂ:

  • ਦੇਖਭਾਲ ਅਧੀਨ ਰਹੇ ਸਾਬਕਾ ਨੌਜਵਾਨਾਂ ਲਈ ਬੇਘਰੀ ਦਾ ਸਾਹਮਣਾ ਕਰਨ ਦੇ ਵਧੇ ਹੋਏ ਖ਼ਤਰੇ ਦਾ ਸਮਾਧਾਨ ਕਰਨਾ ਜਿਸ ਲਈ ਇਹ ਸੁਧਾਰ ਕੀਤਾ ਜਾਵੇਗਾ ਕਿ ਉਹ ਹਜ਼ਾਰਾਂ ਨੌਜਵਾਨ ਬਾਲਗ਼ ਜੋ ਉਮਰ ਦੇ ਵੱਧ ਜਾਣ ਕਰਕੇ ਸਰਕਾਰੀ ਦੇਖਭਾਲ ਦੇ ਦਾਇਰੇ ਵਿੱਚੋਂ ਬਾਹਰ ਹੋ ਰਹੇ ਹਨ, ਦੀ ਅਸੀਂ 27 ਸਾਲ ਦੀ ਉਮਰ ਤੱਕ ਕਿਵੇਂ ਮਦਦ ਕਰ ਸਕਦੇ ਹਾਂ।
  • ਸਮੂਹਕ ਸਹਾਇਤਾ ਸਾਧਨਾਂ ਨਾਲ ਨਵੇਂ ਰੈਂਟ ਸਪਲੀਮੈਂਟਾਂ ਰਾਹੀਂ 3,000 ਤੋਂ ਵੱਧ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨਾ।
  • ਪੂਰੇ ਬੀ ਸੀ ਵਿੱਚ ਆਪਣੀ ਕਿਸਮ ਦੇ ਸਭ ਤੋਂ ਪਹਿਲੇ ਨਵੇਂ ਕੰਪਲੈਕਸ ਕੇਅਰ ਹਾਊਸਿੰਗ ਮਾਡਲ ਦਾ ਘੱਟੋ-ਘੱਟ 20 ਹੋਰ ਥਾਂਵਾਂ ਤੱਕ ਵਿਸਤਾਰ ਕਰਨਾ ਤਾਂ ਕਿ ਗੰਭੀਰ ਮਾਨਸਕ ਸਿਹਤ ਵਾਲੇ, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਜੁੜੇ ਮਾਮਲਿਆਂ ਵਾਲੇ, ਸਦਮੇ ਕਾਰਣ ਜਾਂ ਸੱਟ ਲੱਗੀ ਹੋਣ ਕਰਕੇ ਹੋਏ ਦਿਮਾਗੀ ਨੁਕਸਾਨ ਵਾਲੇ 500 ਤੱਕ ਲੋਕਾਂ ਦੀ ਮਦਦ ਕੀਤੀ ਜਾ ਸਕੇ ਜਿਹੜੇ ਬੇਘਰ ਹਨ ਜਾਂ ਜਿਨ੍ਹਾਂ ਕੋਲ ਪੱਕੀ ਰਿਹਾਇਸ਼ ਨਹੀਂ।
  • ਅਜਿਹੇ 3,000 ਤੱਕ ਲੋਕ ਜਿਹੜੇ ਕੋਵਿਡ-19 ਮਹਾਮਾਰੀ ਦੇ ਦੌਰਾਨ ਕਿਰਾਏ ਤੇ ਲਈਆਂ ਜਾਂ ਕੀਮਤ ਅਦਾ ਕਰ ਕੇ ਲਈਆਂ ਹੋਟਲ ਵਰਗੀਆਂ ਜਾਂ ਹੋਰਨਾਂ ਥਾਂਵਾਂ 'ਤੇ ਆਰਜ਼ੀ ਤੌਰ ਤੇ ਰਹਿ ਰਹੇ ਸਨ, ਨੂੰ ਪੱਕੀ ਰਿਹਾਇਸ਼ ਵਿੱਚ ਤਬਦੀਲ ਕਰ ਕੇ ਉਨ੍ਹਾਂ ਦੀ ਸਹਾਇਤਾ ਕਰਨਾ।
same sex couple with baby

ਸਹਾਇਤਾ ਦੀ ਜ਼ਰੂਰਤ ਵਾਲੇ ਬੱਚਿਆਂ ਦੇ ਪਰਿਵਾਰਾਂ ਲਈ ਬਿਹਤਰ ਸੇਵਾਵਾਂ ਵੱਲ ਤਬਦੀਲ ਹੋਣ ਦੀ ਸ਼ੁਰੂਆਤ

ਬਜਟ 2022 ਰਾਹੀਂ ਪੂਰੇ ਸੂਬੇ ਵਿੱਚ ਪਰਿਵਾਰ ਸੰਪਰਕ ਕੇਂਦਰ ਸਥਾਪਤ ਕਰਕੇ ਸਹਾਇਤਾ ਦੀ ਲੋੜ ਵਾਲੇ ਬੱਚਿਆਂ ਅਤੇ ਨੌਜਵਾਨਾਂ ਲਈ ਵਧੇਰੇ ਪਹੁੰਚਯੋਗ ਅਤੇ ਸਮਾਵੇਸ਼ੀ ਸੇਵਾਵਾਂ ਵੱਲ ਤਬਦੀਲ ਹੋਣ ਦੀ ਸ਼ੁਰੂਆਤ ਕੀਤੀ ਗਈ ਹੈ। ਉਹ ਦੋ ਇਲਾਕੇ ਜਿਹਨਾਂ ਵਿੱਚ ਇਹ ਮੁਢਲੇ ਤੌਰ ਤੇ ਲਾਗੂ ਕੀਤਾ ਗਿਆ ਹੈ-ਨੌਰਥਵੈਸਟ ਅਤੇ ਸੈਂਟਰਲ ਉਕਾਨਾਗਨ-ਵਿੱਚ ਸਥਾਨਕ ਪਰਿਵਾਰਾਂ ਦੀ ਬਿਨਾਂ ਇਸ ਗੱਲ ਦਾ ਖ਼ਿਆਲ ਕੀਤਿਆਂ ਕਿ ਉਨ੍ਹਾਂ ਦੇ ਬੱਚੇ ਨੂੰ ਕੋਈ ਬੀਮਾਰੀ ਹੋਣ ਦਾ ਪਤਾ ਲੱਗਾ ਹੈ ਜਾਂ ਨਹੀਂ, ਉਨ੍ਹਾਂ ਦੀਆਂ ਲੋੜਾਂ ਦੇ ਆਧਾਰ ਤੇ ਮਦਦ ਕੀਤੀ ਜਾਵੇਗੀ। ਇਨ੍ਹਾਂ ਪ੍ਰਯੋਗਾਂ ਤੋਂ ਮਿਲਣ ਵਾਲੇ ਨਤੀਜਿਆਂ ਤੋਂ ਪੂਰੇ ਸੂਬੇ ਵਿੱਚ ਇਸ ਸਿਸਟਮ ਨੂੰ ਵਿਕਸਤ ਅਤੇ ਲਾਗੂ ਕਰਨ ਲਈ ਜਾਣਕਾਰੀ ਮਿਲੇਗੀ ਜਿਸ ਨੂੰ 2025 ਵਿੱਚ ਲਾਗੂ ਕੀਤਾ ਜਾਣਾ ਹੈ।

counsellor with patient

ਕਾਮੁਕ ਹਮਲਿਆਂ ਤੋਂ ਬਚਣ ਵਾਲੇ ਵਿਅਕਤੀਆਂ ਦੀ ਸਹਾਇਤਾ

ਬਜਟ 2022 ਵਿੱਚ 50 ਤੋਂ ਵੱਧ ਕਾਮੁਕ ਹਮਲਿਆਂ ਸਬੰਧੀ ਸੇਵਾ ਕੇਂਦਰਾਂ ਨੂੰ ਬੁਨਿਆਦੀ ਮਾਲੀ ਮਦਦ ਮੁਹੱਈਆ ਕਰਾ ਕੇ ਕਾਮੁਕ ਹਮਲਿਆਂ ਤੋਂ ਬਚਣ ਵਾਲੇ ਵਿਅਕਤੀਆਂ ਦੀ ਮਦਦ ਲਈ ਨਿਵੇਸ਼ ਕੀਤਾ ਗਿਆ ਹੈ ਜਿਸ ਅਧੀਨ 2002 ਵਿੱਚ ਇਹਨਾਂ ਸੇਵਾਵਾਂ ਵਿੱਚ ਕੀਤੀਆਂ ਗਈਆਂ ਕਟੌਤੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਕੇਂਦਰਾਂ ਨੂੰ ਇਸੇ ਵਿਸ਼ੇਸ਼ ਕਾਰਜ ਲਈ, ਨਿਰੰਤਰ ਮਾਲੀ ਮਦਦ ਮਿਲਦੀ ਰਹੇਗੀ ਤਾਂ ਕਿ ਕ੍ਰਿਟੀਕਲ ਕਰਾਈਸਿਸ ਰਿਸਪੌਂਸ, ਕੌਂਸਲਿੰਗ ਪ੍ਰੀਵੈਂਟੇਟਿਵ ਮੈਡੀਕੇਸ਼ਨ ਫੌਰੈਂਸਿਕ ਜਾਂਚ ਅਤੇ ਪੁਲਿਸ ਅਤੇ ਬਾਲ ਸੁਰੱਖਿਆ ਸੇਵਾਵਾਂ ਨੂੰ ਸੂਚਿਤ ਕਰਨ ਲਈ ਢੰਗ ਤਰੀਕੇ ਮੁਹੱਈਆ ਕਰਾਏ ਜਾ ਸਕਣ।