ਅੱਗਾਂ ਅਤੇ ਹੜ੍ਹਾਂ ਤੋਂ ਬਿਹਤਰ ਢੰਗ ਨਾਲ ਮੁੜ-ਉਸਾਰੀ ਕਰਨ ਅਤੇ ਲੋਕਾਂ ਅਤੇ ਭਾਈਚਾਰਿਆਂ ਨੂੰ ਭਵਿੱਖ ਦੀਆਂ ਜਲਵਾਯੂ ਸਬੰਧਤ ਆਫ਼ਤਾਂ ਤੋਂ ਬਚਾਉਣ ਲਈ ਅਸੀਂ $2.1 ਬਿਲੀਅਨ ਦਾ ਨਿਵੇਸ਼ ਕਰ ਰਹੇ ਹਾਂ।
ਇਸ ਵਿੱਚ ਪਿਛਲੇ ਸਾਲ ਦੇ ਹੜ੍ਹਾਂ ਅਤੇ ਜੰਗਲੀ ਅੱਗਾਂ ਤੋਂ ਮੁੜ-ਉਸਾਰੀ ਲਈ $1.5 ਬਿਲੀਅਨ, ਅਤੇ ਭਵਿੱਖ ਦੀਆਂ ਜੰਗਲੀ ਅੱਗਾਂ, ਹੜ੍ਹਾਂ ਅਤੇ ਅੱਤ ਦੀਆਂ ਮੌਸਮੀ ਘਟਨਾਵਾਂ ਲਈ ਸਾਡੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਅਤੇ ਉਨ੍ਹਾਂ ਪ੍ਰਤੀ ਕਾਰਵਾਈ ਕਰਨ ਲਈ $600 ਮਿਲੀਅਨ ਤੋਂ ਵੱਧ ਦੀ ਮਾਲੀ ਮਦਦ ਸ਼ਾਮਲ ਹੈ।
ਐਮਰਜੈਂਸੀ ਮੈਨੇਜਮੈਂਟ ਬੀ ਸੀ ਅਤੇ ਬੀ ਸੀ ਵਾਈਲਡ ਫਾਇਰ ਸਰਵਿਸ ਲਈ ਇੱਕ ਨਵੀਂ ਵੱਡੀ ਮਾਲੀ ਮਦਦ ਨਾਲ, ਬਜਟ 2022 ਰਾਹੀਂ ਆਫ਼ਤਾਂ ਪ੍ਰਤੀ ਕਾਰਵਾਈ ਕਰਨ ਲਈ ਅਤੇ ਬੀ ਸੀ ਵਾਈਲਡ ਫਾਇਰ ਸਰਵਿਸ ਲਈ ਪੂਰੇ ਸਾਲ ਲਈ ਅਗੇਤਰੇ ਕਿਰਿਆਸ਼ੀਲ ਸਰਵਿਸ ਮਾਡਲ ਲਈ ਮਦਦ ਦੇਣ ਵਾਸਤੇ ਨਵੀਆਂ ਸਹੂਲਤਾਂ ਅਤੇ ਉਪਕਰਣਾਂ ਲਈ ਮਾਲੀ ਮਦਦ ਦਿੱਤੀ ਗਈ ਹੈ।
ਅਸੀਂ ਸਥਾਨਕ ਸਰਕਾਰਾਂ ਅਤੇ ਫ਼ਸਟ ਨੇਸ਼ਨਜ਼ ਨੂੰ ਯੋਜਨਾਬੰਦੀ ਕਰਨ ਅਤੇ ਆਫ਼ਤਾਂ ਦਾ ਖ਼ਤਰਾ ਘਟਾਉਣ ਵਿੱਚ ਮਦਦ ਦੇਣ ਲਈ ਵੀ $210 ਮਿਲੀਅਨ ਮੁਹੱਈਆ ਕਰਾ ਰਹੇ ਹਾਂ ਜਿਸ ਵਿੱਚ ਫਾਇਰ ਸਮਾਰਟ ਪ੍ਰੋਗਰਾਮ, ਕਮਿਉਨਿਟੀ ਐਮਰਜੈਂਸੀ ਪ੍ਰੀਪੇਅਰਡਨੈੱਸ ਫੰਡ ਅਤੇ ਮੂਲਵਾਸੀ ਅਗਵਾਈ ਅਧੀਨ ਐਮਰਜੈਂਸੀ ਮੈਨੇਜਮੈਂਟ ਦੀਆਂ ਤਰਜੀਹਾਂ ਲਈ ਮਦਦ ਦੇਣ ਵਾਸਤੇ ਨਿਵੇਸ਼ ਰਾਹੀਂ ਅਜਿਹਾ ਕਰਨਾ ਸ਼ਾਮਲ ਹੈ।
ਅਤੇ ਇਹ ਨਿਸ਼ਚਿਤ ਕਰਨ ਲਈ ਕਿ ਅਸੀਂ ਬਦਲ ਰਹੇ ਜਲਵਾਯੂ ਦੇ ਪ੍ਰਭਾਵਾਂ ਲਈ ਤਿਆਰ ਹਾਂ, ਬਜਟ 2022 ਵਿੱਚ ਬੀ ਸੀ ਦੀ ਕਲਾਈਮੇਟ ਪ੍ਰੀਪੇਅਰਡਨੈੱਸ ਅਤੇ ਅਡੈਪਟੇਸ਼ਨ ਰਣਨੀਤੀ ਨੂੰ ਲਾਗੂ ਕਰਨਾ ਸ਼ੁਰੂ ਕਰਨ ਲਈ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਰਾਹੀਂ:
- ਜਲਵਾਯੂ ਦੀ ਨਿਗਰਾਨੀ ਲਈ ਨੈੱਟਵਰਕਾਂ ਦਾ ਦਾਇਰਾ ਵਧਾਇਆ ਜਾਏਗਾ।
- ਸਥਾਨਕ ਅਤੇ ਮੂਲਵਾਸੀ ਸਰਕਾਰਾਂ ਨਾਲ ਮਿਲ ਕੇ ਜਲਵਾਯੂ ਨਾਲ ਸਬੰਧਤ ਸਥਿਤੀਆਂ ਅਨੁਸਾਰ ਢਲ ਸਕਣ ਲਈ ਪਹਿਲਕਦਮੀਆਂ ਦੀ ਅਗਵਾਈ ਕੀਤੀ ਜਾਏਗੀ।
- ਅੱਤ ਦੀ ਗਰਮੀ ਪ੍ਰਤੀ ਕਾਰਵਾਈ ਕਰਨ ਲਈ ਢਾਂਚਾ ਵਿਕਸਤ ਕੀਤਾ ਜਾਏਗਾ।
- ਰਿਵਰ ਫੋਰਕਾਸਟ ਸੈਂਟਰ ਅਤੇ ਸੂਬਾਈ ਫਲੱਡਪਲੇਨ ਮੈਪਿੰਗ ਪ੍ਰੋਗਰਾਮ ਦਾ ਦਾਇਰਾ ਵਧਾਇਆ ਜਾਏਗਾ।
- ਅੰਕੜੇ ਇਕੱਤਰ ਕਰਨ ਦੀ ਸਮਰੱਥਾ ਅਤੇ ਬਿਹਤਰ ਢੰਗ ਨਾਲ ਇਹ ਸਮਝਣ ਲਈ ਮੁਹਾਰਤ ਪੈਦਾ ਕੀਤੀ ਜਾਏਗੀ ਕਿ ਜਲਵਾਯੂ-ਸਬੰਧਤ ਖ਼ਤਰਿਆਂ ਨੂੰ ਕਿੱਥੇ ਤੇ ਕਿਵੇਂ ਘਟਾਉਣਾ ਹੈ।