ਸੱਚੀ ਅਤੇ ਸਥਾਈ ਸੁਲ੍ਹਾ-ਸਫਾਈ

ਮੂਲਵਾਸੀ ਲੋਕਾਂ ਨਾਲ ਰਲ ਕੇ ਅਸੀਂ ਸਿਹਤਮੰਦ ਕਮਿਊਨਟੀਆਂ ਅਤੇ ਬੀ.ਸੀ. ਵਿੱਚ ਹਰ ਕਿਸੇ ਦੇ ਬਿਹਤਰ ਭਵਿੱਖ ਨੂੰ ਸਹਿਯੋਗ ਦੇਣ ਲਈ ਠੋਸ ਕਦਮ ਲੈ ਰਹੇ ਹਾਂ।

ਸੁਲ੍ਹਾ-ਸਫਾਈ ਨੂੰ ਹੁਲਾਰਾ ਦੇ ਰਹੇ ਹਾਂ

ਮਾਲੀਆ ਸਾਂਝਾਂ ਕਰਨਾ

ਬਜਟ 2019 ਬੀ.ਸੀ. ਦੇ ਹਿੱਸੇ ਵਜੋਂ ਫਸਟ ਨੇਸ਼ਨਜ਼ ਕੋਲ ਹੁਣ ਸਵੈ-ਸਰਕਾਰ, ਸਭਿਆਚਾਰਕ ਪੁਨਰਜੀਵਨ ਅਤੇ ਉਨ੍ਹਾਂ ਸੇਵਾਵਾਂ ਵਿੱਚ ਨਿਵੇਸ਼ ਲਈ ਸਥਿਰ, ਲੰਬੀ ਮਿਆਦ ਦਾ ਫੰਡਿੰਗ ਸਰੋਤ ਹੋਵੇਗਾ ਜਿਨ੍ਹਾਂ ਨਾਲ ਪਰਿਵਾਰਾਂ ਲਈ ਜ਼ਿੰਦਗੀਆਂ ਬਿਹਤਰ ਹੁੰਦੀਆਂ ਹਨ।

ਇਸ ਵਚਨਬੱਧਤਾ ਦਾ ਮਤਲਬ ਹੈ ਫਸਟ ਨੇਸ਼ਨਜ਼ ਕਮਿਊਨਟੀਆਂ ਨੂੰ ਸਹਿਯੋਗ ਦੇਣ ਲਈ ਅਗਲੇ 25 ਸਾਲਾਂ ਦੌਰਾਨ ਸੂਬਾਈ ਮਾਲੀਏ ਵਿੱਚੋਂ ਲਗਭਗ $3 ਬਿਲੀਅਨ ਸਾਂਝਾ ਕੀਤਾ ਜਾਵੇਗਾ, ਅਤੇ ਇਸ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ ਸਾਂਝਾ ਕੀਤਾ ਜਾਣ ਵਾਲਾ ਲਗਭਗ $300 ਮਿਲੀਅਨ ਵੀ ਸ਼ਾਮਲ ਹੈ।

ਸੁਲ੍ਹਾ-ਸਫਾਈ ਨੂੰ ਵਧਾਉਣ ਲਈ ਇਹ ਇਤਿਹਾਸਕ ਵਚਨਬੱਧਤਾ ਹੋਰ ਵੀ ਕਈ ਕੰਮਾਂ ਤੇ ਆਧਾਰਿਤ ਹੈ, ਜੋ ਅਸੀਂ ਪਹਿਲਾਂ ਹੀ ਕਰ ਰਹੇ ਹਾਂ:

  • ਵਾਤਾਵਰਣ ਸੰਬੰਧੀ ਮੁਲਾਂਕਣ ਪ੍ਰਕ੍ਰਿਆ ਦਾ ਆਧੁਨਿਕੀਕਰਣ।
  • ਮੂਲਵਾਸੀ ਬੱਚਿਆਂ ਨੂੰ ਸਰਕਾਰੀ ਦੇਖਭਾਲ ਉੱਪਰ ਨਿਰਭਰ ਹੋਣ ਤੋਂ ਬਚਾਉਣ ਲਈ ਗਰੈਂਡ ਚੀਫ ਐੱਡ ਜੌਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰ ਰਹੇ ਹਾਂ।
  • ਮੂਲਵਾਸੀ ਭਾਈਚਾਰਿਆਂ ਦੇ ਰੀਜ਼ਰਵਾਂ 'ਤੇ ਅਤੇ ਰਿਜ਼ਰਵਾਂ ਤੋਂ ਬਾਹਰ 1,750 ਕਫਾਇਤੀ ਰਿਹਾਇਸ਼ੀ ਯੂਨਿਟਾਂ ਦੀ ਉਸਾਰੀ ਨੂੰ ਸਹਿਯੋਗ ਦੇਣ ਲਈ 10 ਸਾਲਾਂ ਵਿੱਚ $550 ਮਿਲੀਅਨ।
  • ਮੂਲਵਾਸੀ ਭਾਸ਼ਾਵਾਂ ਨੂੰ ਪੁਨਰਜੀਵਿਤ ਕਰਨ ਲਈ ਫਸਟ ਪੀਪਲ ਕਲਚਰਲ ਕੌਂਸਲ ਅਤੇ ਫਸਟ ਨੇਸ਼ਨਜ਼ ਕਮਿਊਨਟੀਆਂ ਦੇ ਕੰਮ ਲਈ $50 ਮਿਲੀਅਨ।
  • ਕਿੰਡਰਗਾਰਟਨ ਤੋਂ 12ਵੀਂ ਤੱਕ ਵਾਸਤੇ ਇੱਕ ਨਵਾਂ ਪਾਠਕ੍ਰਮ, ਜੋ ਯਕੀਨੀ ਬਣਾਉਂਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਾਰੇ ਬੱਚਿਆਂ ਨੂੰ ਮੂਲਵਾਸੀ ਸਭਿਆਚਾਰ ਅਤੇ ਇਤਿਹਾਸ ਬਾਰੇ ਪੜ੍ਹਾਇਆ ਜਾਵੇ।

ਮੂਲਵਾਸੀ ਲੋਕਾਂ ਦੇ ਅਧਿਕਾਰਾਂ ਬਾਰੇ ਯੂਨਾਈਟਡ ਨੇਸ਼ਨਜ਼ ਘੋਸ਼ਣਾ

ਬੀ.ਸੀ. ਕੈਨੇਡਾ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿੱਥੇ ਯੂ.ਐੱਨ ਦੀ ਘੋਸ਼ਣਾ ਮੁਤਾਬਕ ਸੂਬਾਈ ਕਾਨੂੰਨਾਂ ਅਤੇ ਨੀਤੀਆਂ ਵਿੱਚ ਇੱਕਸਾਰਤਾ ਲਿਆਉਣ ਲਈ ਵਿਧਾਨਕ ਆਦੇਸ਼ ਪੇਸ਼ ਕੀਤਾ ਜਾਵੇਗਾ। ਇਹ ਕਾਨੂੰਨ ਫਸਟ ਨੇਸ਼ਨਜ਼ ਲੀਡਰਸ਼ਿੱਪ ਕੌਂਸਲ ਅਤੇ ਦੂਸਰੀਆਂ ਮੂਲਵਾਸੀ ਕਮਿਊਨਟੀਆਂ ਦੇ ਸਹਿਯੋਗ ਨਾਲ ਸਾਂਝੇ ਰੂਪ ਵਿੱਚ ਵਿਕਸਤ ਕੀਤੇ ਜਾ ਰਹੇ ਹਨ।